ਬਲਾਚੌਰ : ਸੈਂਕੜਿਆਂ ਕਾਂਗਰਸੀ ਵਰਕਰਾਂ ਨੇ ਵਾਰ-ਵਾਰ ਹੋ ਰਹੇ ਪੇਪਰ ਲੀਕ ਅਤੇ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਕੀਤੀ ਗਈ ਦਰਿੰਦਗੀ ਦੇ ਵਿਰੋਧ ਵਿੱਚ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ਿਆਂ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਅਜੇ ਮੰਗੂਪੁਰ ਨੇ ਕਿਹਾ ਕਿ ਦੇਸ਼ ਵਿੱਚ ਲਗਭਗ ਹਰ ਮੁਕਾਬਲੇ ਦੀ ਪ੍ਰੀਖਿਆ ਦਾ ਪੇਪਰ ਲੀਕ ਹੋ ਰਿਹਾ ਹੈ ਅਤੇ ਸਿੱਖਿਆ ਪ੍ਰਣਾਲੀ ਦੇ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਅਵਿਵਸਥਾ ਫੈਲੀ ਹੋਈ ਹੈ। ਸੀਨੀਅਰ ਕਾਂਗਰਸੀ ਆਗੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਵੀ ਤੰਜ ਕੱਸਦਿਆਂ, ਕਿਹਾ ਕਿ ਇੱਕ ਪਾਸੇ ਉਹ ਕੇਂਦਰੀ ਸਿੱਖਿਆ ਮੰਤਰੀ ਤੋਂ ਪੇਪਰ ਲੀਕ ਮਾਮਲਿਆਂ 'ਤੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ, ਜਦਕਿ ਦੂਜੇ ਧਿਰ ਪੰਜਾਬ ਵਿੱਚ ਹੋਏ ਕਈ ਪੇਪਰ ਲੀਕ ਮਾਮਲਿਆਂ ਦੇ ਬਾਵਜੂਦ ਆਪਣੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਨੂੰ ਵੀ ਉਹੀ ਕਰਨਾ ਚਾਹੀਦਾ ਹੈ, ਜੋ ਉਹ ਦੂਜਿਆਂ ਨੂੰ ਕਰਨ ਲਈ ਕਹਿੰਦੀ ਹੈ। ਕੇਂਦਰ ਵਿੱਚ ਜੋ ਕੁਝ ਭਾਜਪਾ ਕਰ ਰਹੀ ਹੈ, ਉਹੀ ਕੁਝ ਪੰਜਾਬ ਵਿੱਚ ਆਪ ਸਰਕਾਰ ਕਰ ਰਹੀ ਹੈ। ਉਨ੍ਹਾਂ ਵੱਲੋਂ ਕਾਂਗਰਸੀ ਸਾਥੀਆਂ ਸਮੇਤ ਨਰੇਂਦਰ ਮੋਦੀ ਅਤੇ ਭਗਵੰਤ ਮਾਨ ਦਾ ਪੁਤਲਾ ਫੂਕ ਰੋਸ ਜ਼ਾਹਰ ਕੀਤਾ ਗਿਆ।