ਮੋਗਾ : ਸਫ਼ਾਈ ਕਰਮਚਾਰੀਆਂ ਵੱਲੋਂ ਸਫਾਈ ਸੇਵਾਵਾਂ ਮੁਅੱਤਲ ਕੀਤੀਆਂ ਹੋਣ ਕਾਰਨ ਕੂੜੇ ਦੇ ਨਿਪਟਾਰੇ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਿਸਦੇ ਬਦਲਵੇਂ ਪ੍ਰਬੰਧ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਅਹਿਮ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਮਿਊਂਸਪਲ ਐਕਟ, 1911 ਦੀ ਧਾਰਾ 233/234 (ਐਮਰਜੈਂਸੀ ਦੀ ਸਥਿਤੀ ਵਿੱਚ ਡਿਪਟੀ ਕਮਿਸ਼ਨਰ ਦੀਆਂ ਵਿਸ਼ੇਸ਼ ਸ਼ਕਤੀਆਂ) ਅਧੀਨ ਮਿਲੀਆਂ ਸ਼ਕਤੀਆਂ ਅਤੇ ਇਸ ਸਬੰਧੀ ਹੋਰ ਸਮਰੱਥ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਮੋਗਾ ਦੇ ਸਮੂਹ ਐਸ.ਡੀ.ਐਮਜ, ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ, ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ ਨੂੰ ਤੁਰੰਤ ਪ੍ਰਭਾਵ ਨਾਲ ਕੁਝ ਵਿਸ਼ੇਸ਼ ਕੰਮ/ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਦਾ ਖ਼ਰਚਾ ਸਬੰਧਤ ਸ਼ਹਿਰੀ ਸਥਾਨਕ ਇਕਾਈ/ਇਕਾਈਆਂ ਦੇ ਮਿਊਂਸਪਲ ਫੰਡ ਵਿੱਚੋਂ ਕੀਤਾ ਜਾਵੇਗਾ। ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਜਲ ਸਰੋਤਾਂ, ਨਾਲੀਆਂ ਅਤੇ ਹੋਰ ਸੰਵੇਦਨਸ਼ੀਲ/ਬਹੁਤ ਜ਼ਿਆਦਾ ਆਵਾਜਾਈ ਵਾਲੀਆਂ ਥਾਵਾਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਬੀਮਾਰੀ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੈ। ਸਿਵਲ ਸਰਜਨ, ਮੋਗਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਇਸ ਮੁਹਿੰਮ ਨਾਲ ਜੁੜਨਗੇ ਅਤੇ ਪੂਰੇ ਜ਼ਿਲ੍ਹੇ ਵਿੱਚ ਜੰਗੀ ਪੱਧਰ 'ਤੇ ਐਂਟੀ-ਲਾਰਵਾ ਸਪਰੇਅ, ਨਾਲੀਆਂ, ਜਲ ਸਰੋਤਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਕਲੋਰੀਨੇਸ਼ਨ ਕਰਨਗੇ, ਅਤੇ ਕਿਸੇ ਵੀ ਬੀਮਾਰੀ ਫੈਲਣ ਦੀ ਸਥਿਤੀ ਦੇ ਮੱਦੇਨਜ਼ਰ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਅਤੇ ਆਈ.ਵੀ. ਫਲੂਇਡਜ਼ (ਡ੍ਰਿਪਾਂ) ਦਾ ਲੋੜੀਂਦਾ ਸਟਾਕ ਰੱਖਣਗੇ। ਇਹ ਹੁਕਮ ਹੜਤਾਲ ਵਾਪਸ ਲਏ ਜਾਣ ਅਤੇ ਆਮ ਸਫ਼ਾਈ ਸੇਵਾਵਾਂ ਬਹਾਲ ਹੋਣ ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਾਗੂ ਰਹੇਗਾ ਅਤੇ ਸਮੇਂ-ਸਮੇਂ 'ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਪਾਲਣਾ ਵਿੱਚ ਅਣਗਹਿਲੀ ਕਰਨ ਵਾਲੇ ਕਿਸੇ ਵੀ ਅਫ਼ਸਰ/ਕਰਮਚਾਰੀ ਵਿਰੁੱਧ ਪੰਜਾਬ ਮਿਊਂਸਪਲ ਐਕਟ, 1911 ਤੋਂ ਇਲਾਵਾ ਸਬੰਧਤ ਸਰਵਿਸ ਨਿਯਮਾਂ/ਕਾਨੂੰਨੀ ਉਪਬੰਧਾਂ ਅਧੀਨ ਕਾਰਵਾਈ ਕੀਤੀ ਜਾਵੇਗੀ।