ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ, 20 ਜੁਲਾਈ ਨੂੰ ਜੰਤਰ ਮੰਤਰ ਤੋਂ ਸੰਸਦ ਵੱਲ ਮਾਰਚ/ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਕਾਕਰੋਚ ਜਨਤਾ ਪਾਰਟੀ ਦੇ ਹਮਾਇਤੀਆਂ ਤੇ ਕੀਤੇ ਅੰਨ੍ਹੇ ਜਬਰ ਦੀ ਸਖ਼ਤ ਨਿਖੇਧੀ ਕੀਤੀ ਹੈ। ਸੂਬਾ ਕਮੇਟੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਕੁੱਟ ਮਾਰ ਲਈ ਵੀ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ।ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਬਲਾਕ ਸਕੱਤਰ ਨੇ ਕਿਹਾ ਕਿ 89 ਵਾਰ ਪੇਪਰ ਲੀਕ ਹੋਣ ਅਤੇ 17 ਵਿਦਿਆਰਥੀਆਂ ਵੱਲੋਂ ਖੁਦਕਸ਼ੀ ਕਰ ਜਾਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਿੱਖਿਆ ਮੰਤਰੀ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਖ਼ਾਰਜ ਨਾ ਕਰਨ ਲਈ ਅੜੇ ਹੋਏ ਹਨ। ਦਿੱਲੀ ਦੇ ਇਤਿਹਾਸਿਕ ਕਿਸਾਨ ਘੋਲ ਵੇਲੇ 27 ਜਨਵਰੀ 2021 ਨੂੰ ਕਿਸਾਨ ਕੈਂਪ ਤੇ ਕੀਤੇ ਗਏ ਹਮਲੇ ਸਮੇਂ ਅਤੇ 2020 ਵਿੱਚ ਸ਼ਾਹੀਨ ਬਾਗ ਦੇ ਮੋਰਚੇ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਕੀਤੀ ਗਈ ਕੁੱਟਮਾਰ ਵਿੱਚ ਵੀ ਇਹ ਸਿਲਸਿਲਾ ਸਾਹਮਣੇ ਆਇਆ ਸੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਤੇ ਬਲਾਕ ਸਕੱਤਰ ਅਜੀਤ ਸਿੰਘ ਧਾਂਦਰਾ ਨੇ ਕਿਹਾ ਕਿ 22 ਜੁਲਾਈ ਨੂੰ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਸਾਰੇ ਪੰਜਾਬ ਵਿੱਚ 12 ਵਜੇ ਤੋਂ 03 ਵਜੇ ਤੱਕ ਟੋਲ ਪਲਾਜੇ ਫਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਾਏ ਜਾਣਗੇ। ਇਸੇ ਦੌਰਾਨ ਵਿਦਿਆਰਥੀਆਂ ਤੇ ਕੀਤੇ ਜਬਰ ਲਈ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ।