ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਲਾਏ ਜਾ ਰਹੇ ਰੋਜ਼ਗਾਰ ਮੇਲਿਆਂ ਤੇ ਬੇਰੁਜ਼ਗਾਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਸੁਨਾਮ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਮੌਕੇ ਰੁਜ਼ਗਾਰ ਦੀ ਭਾਲ ਵਿੱਚ ਆਏ ਨੌਂਜਵਾਨ ਨਿਰਾਸ਼ ਹੋ ਕੇ ਮੁੜੇ, ਅਜਿਹਾ ਵਰਤਾਰਾ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਜੱਗ ਜ਼ਾਹਿਰ ਕੀਤਾ ਗਿਆ ਹੈ। ਰੋਜ਼ਗਾਰ ਮੇਲੇ ਵਿੱਚ ਪੁੱਜੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਪ੍ਰਾਈਵੇਟ ਕੰਪਨੀਆਂ ਦੇ ਰਾਂਹੀ ਰੁਜ਼ਗਾਰ ਦੇਣ ਦਾ ਦਾਅਵਾ ਕਰ ਰਹੀ ਹੈ ਲੇਕਿਨ ਡਿਗਰੀਆਂ ਅਤੇ ਡਿਪਲੋਮਾ ਹੋਲਡਰ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਦੀ ਆੜ ਵਿੱਚ ਸੱਦਕੇ ਦਸ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਲੱਸਟਰ ਦਾ ਇਹ ਪਹਿਲਾ ਮੈਗਾ ਰੁਜ਼ਗਾਰ ਮੇਲਾ ਉਨ੍ਹਾਂ ਦੇ ਦੋਵਾਂ ਵਿਭਾਗਾਂ ਉਦਯੋਗ ਵਿਭਾਗ ਅਤੇ ਰੋਜ਼ਗਾਰ ਉਤਪੱਤੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਲਾਇਆ ਗਿਆ। ਇਸ ਵਿੱਚ 18 ਸਾਲ ਤੋਂ 50 ਸਾਲ ਤੱਕ ਦੇ ਉਮੀਦਵਾਰਾਂ ਨੇ ਭਾਗ ਲਿਆ ਅਤੇ ਯੋਗਤਾ ਤੇ ਤਜਰਬੇ ਦੇ ਅਨੁਸਾਰ 12,000 ਰੁਪਏ ਤੋਂ ਲੈ ਕੇ 42,000 ਰੁਪਏ ਪ੍ਰਤੀ ਮਹੀਨਾ ਤਕ ਦੀ ਤਨਖਾਹ ਵਾਲੀਆਂ ਨੌਕਰੀਆਂ ਹਾਸਲ ਕੀਤੀਆਂ। ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ ਹੋਈ ਅਤੇ ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਨੌਕਰੀਆਂ ਲਈ ਸ਼ਾਰਟਰਿਸਟ ਕੀਤਾ। ਨੌਜਵਾਨਾਂ ਨੂੰ ਮੌਕੇ ਉੱਤੇ ਹੀ 'ਲੈਟਰ ਆਫ ਇੰਟੈਂਟ' ਵੀ ਦਿੱਤੇ ਗਏ। ਇਸ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ ਸੋਨਾਲੀਕਾ, ਮਹਿੰਦਰਾ ਟਰੈਕਟਰਜ਼, ਕੇ.ਆਰ.ਬੀ.ਐਲ., ਅਵਾਨੀ, ਏ.ਪੀ. ਆਰਗੈਨਿਕਸ, ਮੈਕਸ, ਨਾਹਰ ਸਪਿਨਿੰਗ ਅਤੇ ਹੋਰ ਕਈ ਵੱਡੇ ਉਦਯੋਗਿਕ ਯੂਨਿਟ ਸ਼ਾਮਲ ਸਨ।