ਸੁਨਾਮ : ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸੁਨਾਮ ਵਿਖੇ ਬਠਿੰਡਾ ਰੋਡ ਤੇ ਸਥਿਤ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਵਿੱਚ ਰੱਖਣ ਦੀ ਮੁੜ ਤੋਂ ਮੰਗ ਕੀਤੀ ਹੈ। ਮੰਚ ਦਾ ਕਹਿਣਾ ਹੈ ਕਿ 31ਜੁਲਾਈ 2021ਨੂੰ ਮਿਊਜ਼ੀਅਮ ਬਣਾਇਆ ਗਿਆ ਸੀ ਬਾਵਜੂਦ ਇਸਦੇ ਪੰਜ ਸਾਲ ਬਾਅਦ ਵੀ ਸ਼ਹੀਦ ਦੀਆਂ ਅਸਥੀਆਂ ਦੇ ਕਲਸ਼ ਸੁਨਾਮ ਦੇ ਸਰਕਾਰੀ ਕਾਲਜ ਵਿੱਚ ਰੱਖੇ ਹੋਏ ਹਨ। ਉਨ੍ਹਾਂ ਆਖਿਆ ਕਿ ਮਹਾਨ ਸ਼ਹੀਦ ਦਾ ਸਮਾਨ ਵੀ ਦੇਸ਼ ਵਿਦੇਸ਼ ਵਿੱਚ ਰੁਲ ਰਿਹਾ ਹੈ। ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਦੇਹ ਵਾਲਾ ਤਾਬੂਤ ਇੰਗਲੈਂਡ ਤੋ 31ਜੁਲਾਈ 1974 ਨੂੰ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਲਿਆਂਦਾ ਗਿਆ ਸੀ, ਉਨ੍ਹਾਂ ਦੇ ਸਸਕਾਰ ਤੋਂ ਬਾਅਦ 7 ਅਸਥੀਆਂ ਦੇ ਕਲਸ਼ ਤਿਆਰ ਕੀਤੇ ਗਏ ਸੀ ਉਹਨਾਂ ਵਿਚੋਂ ਦੋ ਕਲਸ਼ ਸ਼ਹੀਦ ਦੇ ਸ਼ਹਿਰ ਵਿਚ ਕੋਈ ਮਿਊਜ਼ੀਅਮ ਨਾ ਹੋਣ ਕਾਰਨ ਉਸ ਵੇਲੇ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੱਖ ਦਿੱਤੇ ਸੀ ਪਰੰਤੂ ਹੁਣ ਸੁਨਾਮ ਊਧਮ ਸਿੰਘ ਵਾਲਾ ਵਿੱਚ 31ਜੁਲਾਈ 2021ਨੂੰ ਸ਼ਹੀਦ ਦੀ ਯਾਦ ਵਿੱਚ ਮਿਊਜ਼ੀਅਮ ਬਣ ਚੁੱਕਿਆ ਹੈ। ਜਿਸ ਨੂੰ ਬਣੇ ਪੰਜ ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਵੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ ਉਨ੍ਹਾਂ ਨੂੰ ਮਿਊਜ਼ੀਅਮ ਵਿੱਚ ਲਿਆ ਕੇ ਨਹੀ ਰੱਖਿਆ ਗਿਆ। ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਿਰਫ਼ 31 ਜੁਲਾਈ ਨੂੰ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਇੱਕ ਦਿਨ ਵਾਸਤੇ ਕਾਲਜ ਵਾਲਿਆ ਤੋਂ ਇੱਕ ਕਲਸ਼ ਸਵੇਰੇ ਉਧਾਰਾ ਲਿਆ ਕਿ ਮਿਊਜ਼ੀਅਮ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਕਾਲਜ ਨੂੰ ਵਾਪਿਸ ਕਰ ਦਿੱਤਾ ਜਾਂਦਾ ਹੈ। ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਤੇ ਵਿੱਤ ਸਕੱਤਰ ਲਾਭ ਛਾਜਲਾ, ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਇਹ ਸ਼ਹੀਦ ਦਾ ਅਪਮਾਨ ਹੈ ਕਿ ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਆਉਣ ਤੋਂ 52 ਸਾਲ ਬਾਅਦ ਵੀ ਸਰਕਾਰਾਂ ਵੱਲੋਂ ਇਹਨਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ।