ਕੋਟਕਪੂਰਾ : ਫਰੀਦਕੋਟ ਜ਼ਿਲੇ ਦੇ ਪਿੰਡ ਡੋਡ ਦੇ ਸਰਕਾਰੀ ਹਾਈ ਸਕੂਲ ਦੇ ਬਾਥਰੂਮ 'ਚ ਲਿਖੀ ਪਾਈ ਗਈ ਗਲਤ ਸ਼ਬਦਾਵਲੀ ਦੇ ਸ਼ੱਕ 'ਚ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ, ਉਸ ਨੂੰ ਦੋ ਘੰਟੇ ਬਾਥਰੂਮ 'ਚ ਬੰਦ ਰੱਖਣ ਉਪ੍ਰੰਤ ਉਸ ਦਾ ਨਾਂ ਸਕੂਲ 'ਚੋਂ ਕੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਸਬੰਧਤ ਥਾਣਾ ਬਾਜਾਖਾਨਾ ਵਿਖੇ ਸਕੂਲ ਦੇ ਪ੍ਰਿੰਸੀਪਲ ਤਰਸੇਮ ਲਾਲ ਅਤੇ ਕਲਾਸ ਟੀਚਰ ਕੁਲਵਿੰਦਰ ਸਿੰਘ ਖ਼ਿਲਾਫ ਮੁਕੱਦਮਾ ਨੰਬਰ 117 ਦਰਜ ਕਰ ਲਿਆ ਗਿਆ ਹੈ। ਇਹ ਮੁਕੱਦਮਾ 10ਵੀਂ ਜਮਾਤ ਦੇ 14 ਸਾਲਾ ਵਿਦਿਆਰਥੀ ਅਰਸ਼ਦੀਪ ਸਿੰਘ ਦੇ ਪਿਤਾ ਚਮਕੌਰ ਸਿੰਘ ਵਾਸੀ ਪਿੰਡ ਡੋਡ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਸ਼ਿਕਾਇਤਕਰਤਾ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਅਰਸ਼ਦੀਪ ਸਿੰਘ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿਖੇ ਪੜ੍ਹਦਾ ਹੈ। ਚਮਕੌਰ ਸਿੰਘ ਅਨੁਸਾਰ ਬੀਤੀ 14 ਜੁਲਾਈ ਨੂੰ ਜਦੋਂ ਅਰਸ਼ਦੀਪ ਸਿੰਘ ਸਕੂਲ ਗਿਆ ਹੋਇਆ ਸੀ, ਤਾਂ ਦਿਹਾੜੀ ਨਾ ਮਿਲਣ ਕਾਰਨ ਉਹ (ਚਮਕੌਰ ਸਿੰਘ) ਆਪ ਆਪਣੇ ਘਰ ਹੀ ਮੌਜੂਦ ਸੀ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਤਰਸੇਮ ਲਾਲ ਦਾ ਫੋਨ ਆਇਆ, ਜਿਸ ਨੂੰ ਬਿਆਨਕਰਤਾ ਦੇ ਪਿਤਾ ਰੂਪ ਸਿੰਘ ਨੇ ਸੁਣਿਆ। ਇਸ ਸਬੰਧੀ ਪ੍ਰਿੰਸੀਪਲ ਅਤੇ ਕਲਾਸ ਟੀਚਰ ਨੇ ਉਸ ਉੱਪਰ ਸ਼ੱਕ ਕਰ ਲਿਆ। ਸ਼ੱਕ ਦੇ ਆਧਾਰ 'ਤੇ ਹੀ ਦੋਵਾਂ ਨੇ ਪਹਿਲਾਂ ਤਾਂ ਉਸ ਨੂੰ ਬਾਥਰੂਮ 'ਚ ਲੈ ਜਾ ਕੇ ਡੰਡਿਆਂ ਨਾਲ ਬਹੁਤ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ 'ਚ ਉਸੇ ਕੋਲੋਂ ਉਹ ਗਲਤ ਸ਼ਬਦਾਵਲੀ ਮਿਟਵਾਈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਸ ਨੂੰ ਦੋ ਘੰਟੇ ਤੱਕ ਬਾਥਰੂਮ 'ਚ ਹੀ ਬੰਦ ਕਰ ਕੇ ਰੱਖਿਆ ਗਿਆ। ਹਸਪਤਾਲ ਤੋਂ ਮਿਲੀ ਇਤਲਾਹ 'ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਸਵਰਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਹਸਪਤਾਲ ਪਹੁੰਚ ਕੇ ਅਰਸ਼ਦੀਪ ਸਿੰਘ ਦੇ ਪਿਤਾ ਦੇ ਬਿਆਨ ਕਲਮਬੱਧ ਕੀਤੇ ਅਤੇ ਉਕਤ ਦੋਵਾਂ ਅਧਿਆਪਕਾਂ ਖ਼ਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ। ਪੁਲਸ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਅਜੇ ਬਾਕੀ ਹਨ।