ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਐਤਵਾਰ ਨੂੰ ਸਰਹੱਦੀ ਪਿੰਡ ਘੋਨੇਵਾਲ ਦੇ ਹੜ੍ਹ ਪ੍ਰਭਾਵਿਤ ਇੱਕ ਪਰਿਵਾਰ ਨੂੰ ਮੁੜ ਤਿਆਰ ਕੀਤਾ ਨਵਾਂ ਘਰ ਸੌਂਪਿਆ। ਇਹ ਉਹੀ ਪਰਿਵਾਰ ਹੈ, ਜਿਸ ਨਾਲ ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਔਜਲਾ ਨੇ ਕਿਹਾ ਕਿ ਸਰਕਾਰ ਵੱਲੋਂ ਉਮੀਦ ਮੁਤਾਬਕ ਸਹਾਇਤਾ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਅਤੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਨਾਲ ਪਰਿਵਾਰ ਦਾ ਘਰ ਦੁਬਾਰਾ ਬਣਵਾਇਆ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਘੋਨੇਵਾਲ ਪਿੰਡ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਸੀ। ਹੜ੍ਹ ਦਾ ਪਾਣੀ ਇਸ ਪਰਿਵਾਰ ਦੇ ਘਰ ਵਿੱਚ ਪੂਰੀ ਤਰ੍ਹਾਂ ਦਾਖ਼ਲ ਹੋ ਗਿਆ ਸੀ, ਜਿਸ ਕਾਰਨ ਮਕਾਨ ਦੀਆਂ ਨੀਂਹਾਂ ਤੱਕ ਨੁਕਸਾਨ ਪਹੁੰਚਿਆ, ਚਾਰਦੀਵਾਰੀ ਢਹਿ ਗਈ ਅਤੇ ਘਰ ਰਹਿਣ ਯੋਗ ਨਹੀਂ ਰਿਹਾ। ਨਵਾਂ ਫਰਸ਼, ਟਾਈਲਾਂ ਅਤੇ ਹੋਰ ਲੋੜੀਂਦੇ ਕੰਮ ਮੁਕੰਮਲ ਕਰਕੇ ਘਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਰਿਵਾਰ ਦੀ ਸਹੂਲਤ ਲਈ ਅੱਗੇ ਬਰਾਂਡਾ ਅਤੇ ਬਾਥਰੂਮ ਦਾ ਕੰਮ ਵੀ ਕਰਵਾਇਆ ਜਾਵੇਗਾ, ਤਾਂ ਜੋ ਘਰ ਹਰ ਪੱਖੋਂ ਮੁਕੰਮਲ ਹੋ ਸਕੇ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਵੇਲੇ ਉਨ੍ਹਾਂ ਨੂੰ ਕੁਝ ਸਰਕਾਰੀ ਮੁਆਵਜ਼ਾ ਤਾਂ ਮਿਲਿਆ ਸੀ, ਪਰ ਉਹ ਹੋਏ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਸੀ। ਪਰਿਵਾਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਦੌਰੇ ਦੌਰਾਨ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਉਹ ਗੁਰਜੀਤ ਸਿੰਘ ਔਜਲਾ ਨੂੰ ਮਿਲੇ ਤਾਂ ਉਨ੍ਹਾਂ ਨੇ ਤਿੰਨ ਹਫ਼ਤਿਆਂ ਵਿੱਚ ਕੰਮ ਸ਼ੁਰੂ ਕਰਵਾਉਣ ਦਾ ਵਾਅਦਾ ਕੀਤਾ। ਔਜਲਾ ਨੇ ਆਪਣਾ ਵਾਅਦਾ ਨਿਭਾਇਆ ਅਤੇ ਅੱਜ ਘਰ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਪਰਿਵਾਰ ਨੇ ਇਸ ਲਈ ਰਾਹੁਲ ਗਾਂਧੀ ਅਤੇ ਗੁਰਜੀਤ ਸਿੰਘ ਔਜਲਾ ਦੋਵਾਂ ਦਾ ਧੰਨਵਾਦ ਕੀਤਾ।