ਖਰੜ : ਸ਼੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਿਹਾ "ਬੋਲੇਗਾ ਖਰੜ, ਬਦਲੇਗਾ ਖਰੜ" ਪੈਦਲ ਮਾਰਚ ਸ਼ਨੀਵਾਰ ਨੂੰ ਆਪਣੇ ਸੱਤਵੇਂ ਦਿਨ ’ਚ ਦਾਖਲ ਹੋ ਗਿਆ। ਇਹ ਮਾਰਚ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਰਜ ਕਰ ਰਿਹਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੇ ਇਸ ਦਾਅਵੇ ’ਤੇ ਸਵਾਲ ਖੜ੍ਹੇ ਕੀਤੇ ਕਿ ਖਰੜ ਦੇ ਵਿਕਾਸ ’ਤੇ ₹1,000 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਹੈ, ਜਿਸ ਦੀ ਉਹ ਕਥਿਤ ਤੌਰ ’ਤੇ ਦਸਤਾਵੇਜ਼ੀ ਫਿਲਮ ਬਣਾਉਣਾ ਚਾਹੁੰਦੇ ਹਨ। ਖੇੜਾ ਨੇ ਕਿਹਾ ਕਿ ਖਰੜ ਨਗਰ ਕੌਂਸਲ ਕੋਲ ₹500 ਤੋਂ ₹700 ਕਰੋੜ ਰੁਪਏ ਦਾ ਖਜ਼ਾਨਾ ਪਿਆ ਹੈ, ਜੋ ਕਿ ਟੈਕਸ ਭਰ ਰਹੇ ਲੋਕਾਂ ਦਾ ਪੈਸਾ ਹੈ ਅਤੇ ਇਸ ਨੂੰ ਸਾਫ਼ ਪੀਣ ਵਾਲੇ ਪਾਣੀ, ਸਫ਼ਾਈ, ਸੀਵਰੇਜ ਅਤੇ ਡਰੇਨੇਜ ਦੀ ਸਾਂਭ-ਸੰਭਾਲ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਬੁਨਿਆਦੀ ਸਹੂਲਤਾਂ ’ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ਜਾਨੇ ਵਿੱਚ ਵਾਧੂ ਪੈਸਾ ਹੋਣ ਦੇ ਬਾਵਜ਼ੂਦ ਵੀ ਸਰਕਾਰ ਉਸ ਨੂੰ ਲੋਕਾਂ ਦੀ ਭਲਾਈ ਲਈ ਵਰਤ ਨਹੀ ਰਹੀ ਅਤੇ ਦੱਸਿਆ ਕਿ ਵਾਰਡ ਨੰ. 8 ਦੇ ਵਸਨੀਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿਖਾਏ, ਜਿਨ੍ਹਾਂ ’ਚ ਐਸਡੀਐਮ, ਵਿਧਾਇਕ, ਸੰਸਦ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਕੋਲ ਵਾਰ-ਵਾਰ ਕੀਤੀਆਂ ਅਪੀਲਾਂ ਦਰਜ ਹਨ, ਪਰ ਕਿਸੇ ’ਤੇ ਵੀ ਕਾਰਵਾਈ ਨਹੀਂ ਹੋਈ। ਵਾਰਡ 9 ਅਤੇ 10 ’ਚ ਖੇੜਾ ਨੇ ਇੱਕ ਹੋਰ ਵੱਡੀ ਸਮੱਸਿਆ ਵੱਲ ਇਸ਼ਾਰਾ ਕੀਤਾ: ਇਸ ਵਾਰਡ ਦੇ ਸੈਕਟਰਾਂ ਨੂੰ ਬਣਾਉਣ ਵਾਲਾ ਪ੍ਰਾਈਵੇਟ ਬਿਲਡਰ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਹੋ ਕੇ ਜੇਲ੍ਹ ਜਾ ਚੁੱਕਾ ਹੈ। ਜਿਸ ਕਾਰਨ ਵਸਨੀਕਾਂ ਨੂੰ ਸੜਕਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਆਪਣੀ ਜੇਬ ’ਚੋਂ ਲਗਭਗ 50,000 ਰੁਪਏ ਪ੍ਰਤੀ ਵਿਅਕਤੀ ਖਰਚ ਕਰਨੇ ਪੈ ਰਹੇ ਹਨ।ਖੇੜਾ ਨੇ ਦੁਹਰਾਇਆ ਕਿ ਇਸ ਮਾਰਚ ਦਾ ਮਕਸਦ ਸਿੱਧੇ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਪ੍ਰਸ਼ਾਸਨ ’ਤੇ ਉਨ੍ਹਾਂ ’ਤੇ ਕਾਰਵਾਈ ਕਰਨ ਲਈ ਦਬਾਅ ਬਣਾਉਣਾ ਹੈ