ਸੰਗਰੂਰ : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਚੀਮਾ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਦਿੜ੍ਹਬਾ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਕੈਬਨਿਟ ਮੰਤਰੀ ਚੀਮਾ ਨੇ ਦੱਸਿਆ ਕਿ ਉਹ ਹਰ ਸ਼ਨੀਵਾਰ ਅਤੇ ਐਤਵਾਰ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ-ਦਰਦ ਸੁਣਨ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਪਹੁੰਚਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜਾ ਦਿੜ੍ਹਬਾ ਹਲਕਾ ਪਿਛਲੇ 25-30 ਸਾਲਾਂ ਤੋਂ ਸਿਆਸੀ ਅਣਗਹਿਲੀ ਕਾਰਨ ਪਿਛੜਿਆ ਹੋਇਆ ਸੀ, ਅੱਜ ਉੱਥੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਬਹੁਤ ਜਲਦ ਇਹ ਹਲਕਾ ਪੰਜਾਬ ਦਾ ਨੰਬਰ ਇੱਕ ਹਲਕਾ ਬਣ ਕੇ ਉੱਭਰੇਗਾ। ਪੰਜਾਬ ਦੇ ਘਰ-ਘਰ ਅਤੇ ਪਿੰਡ-ਪਿੰਡ ਵਿੱਚ ਪੜ੍ਹਨ ਦੇ ਸੱਭਿਆਚਾਰ (Library Culture) ਨੂੰ ਮੁੜ ਸੁਰਜੀਤ ਕਰਨ ਲਈ ਹੋਰ ਵੀ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਕਿਤਾਬਾਂ ਨਾਲ ਜੁੜ ਕੇ ਸਮਾਜ ਵਿੱਚ ਚੰਗਾ ਯੋਗਦਾਨ ਪਾ ਸਕਣ। ਉਹਨਾਂ ਕਿਹਾ, "ਸਾਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਦਾ ਕੇਂਦਰ ਵੱਲ ਬਕਾਇਆ ਰਹਿੰਦਾ ਕਰੋੜਾਂ ਰੁਪਏ ਦਾ ਆਰ.ਡੀ.ਐਫ. (Rural Development Fund) ਅਤੇ ਮੰਡੀ ਫੀਸਾਂ ਦਾ ਪੈਸਾ ਜਾਰੀ ਕਰਨਗੇ, ਪਰ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨਾ ਜਾਰੀ ਰੱਖਿਆ ਹੈ।"ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ-ਇੱਕ ਡਿਜ਼ਾਈਨ "ਨਫ਼ਰਤ ਫੈਲਾਓ, ਵੋਟਾਂ ਪਾਓ" ਦਾ ਹੈ। ਪਰ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਸੂਰਬੀਰ ਯੋਧਿਆਂ ਦੀ ਪਵਿੱਤਰ ਧਰਤੀ ਹੈ, ਇੱਥੇ ਭਾਜਪਾ ਦੇ ਨਫ਼ਰਤ ਦੇ ਬੀਜ ਕਦੇ ਵੀ ਸਫ਼ਲ ਨਹੀਂ ਹੋ ਸਕਦੇ ਅਤੇ ਪੰਜਾਬੀ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣਗੇ।