ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਵਿੱਚ ਸੇਵਾਵਾਂ ਮਰਜ਼ ਕਰਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਰੀਬ 2100 ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਨਰੇਗਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜਤਾਉਂਦਿਆਂ 20 ਜੁਲਾਈ ਨੂੰ ਖੰਨਾ ਵਿਖੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦਾ ਮੁੜ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜਿਲ੍ਹਾ ਲੁਧਿਆਣਾ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ 15 ਜੁਲਾਈ ਨੂੰ ਖੰਨਾ ਵਿਖੇ ਧਰਨੇ ਦੌਰਾਨ ਹੋਏ ਲਾਠੀਚਾਰਜ ਤੋਂ ਬਾਅਦ ਪੰਚਾਇਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ, ਕੇਸ ਸਰਕਾਰ ਨੂੰ ਭੇਜਣ, ਮਨਜ਼ੂਰੀ ਤੱਕ ਪੇ-ਸਕੇਲ ਲਾਗੂ ਕਰਨ ਅਤੇ ‘ਨੋ ਵਰਕ ਨੋ ਪੇ’ ਦੇ ਪੱਤਰ ਵਾਪਸ ਲੈਣ ’ਤੇ ਸਹਿਮਤੀ ਬਣੀ ਸੀ, ਪਰ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਪੇ-ਸਕੇਲ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਵਿਭਾਗ ਨੇ 2100 ਮਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਕੇ ਆਊਟਸੋਰਸਿੰਗ ਰਾਹੀਂ ਪੈਸਕੋ ਕੰਪਨੀ ਦੇ ਜ਼ਰੀਏ ਨਵੀਂ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਯੂਨੀਅਨ ਨੇ ਨਰੇਗਾ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਰਖਾਸਤੀ ਪੱਤਰਾਂ ਤੋਂ ਘਬਰਾਉਣ ਦੀ ਬਜਾਏ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਵਿੱਚ ਸ਼ਾਮਲ ਹੋਣ, ਕਿਉਂਕਿ ਨਵੀਂ ਭਰਤੀ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਪਿਛਲੀ 18 ਸਾਲਾਂ ਦੀ ਸੇਵਾ ਦਾ ਕੋਈ ਲਾਭ ਨਹੀਂ ਮਿਲੇਗਾ ਅਤੇ ਭਵਿੱਖ ਵਿੱਚ ਪੱਕੇ ਹੋਣ ਦੀ ਸੰਭਾਵਨਾ ਵੀ ਪ੍ਰਭਾਵਿਤ ਹੋ ਸਕਦੀ ਹੈ।