ਦੇਵੀਗੜ : ਵਿਦੇਸ਼ ਦੌਰੇ ਤੋਂ ਪਰਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਮੌਜੂਦਾ ਰਾਜਨੀਤੀ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੂਬੇ ਦੀ ਸਿਆਸਤ ਅੱਜ ਕੇਵਲ 'ਮੁਫਤਖੋਰੀ' ਅਤੇ ਭਲਾਈ ਸਕੀਮਾਂ ਦੇ ਛੋਟੇ ਜਿਹੇ ਦਾਇਰੇ ਵਿੱਚ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ, ਤਾਂ ਰਾਜਨੀਤਿਕ ਜਮਾਤ ਨੂੰ ਆਪਣੀ ਸੋਚ ਅਤੇ ਵਿਜ਼ਨ ਨੂੰ ਵਿਸ਼ਾਲ ਕਰਨਾ ਹੋਵੇਗਾ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਦਰ ਦੇਸ਼ ਦੀ ਔਸਤ ਦਰ ਨਾਲੋਂ 5% ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਹਰ ਸਰਕਾਰ ਆਉਂਦੀ ਹੈ ਅਤੇ ਸੂਬੇ ਦੇ ਖਜ਼ਾਨੇ ਵਿੱਚੋਂ ਭਲਾਈ ਸਕੀਮਾਂ ਦੇਣ ਦੇ ਦਾਅਵੇ ਕਰਦੀ ਹੈ, ਪਰ ਇਹ ਹੱਲ ਨਹੀਂ ਹੈ। ਅੱਜ ਸਮਾਂ ਆ ਗਿਆ ਹੈ ਕਿ ਰਾਜਨੀਤਿਕ ਪਾਰਟੀਆਂ ਇਹ ਸਪੱਸ਼ਟ ਕਰਨ ਕਿ ਜੇ ਉਹ ਰੁਜ਼ਗਾਰ ਦੇਣ ਦੀ ਗੱਲ ਕਰਦੀਆਂ ਹਨ, ਤਾਂ ਉਨ੍ਹਾਂ ਕੋਲ ਇਸ ਲਈ ਕਿਹੜਾ ਠੋਸ ਰੋਡਮੈਪ ਜਾਂ ਜ਼ਰੀਆ ਹੈ। ਸਿਰਫ਼ ਨੌਕਰੀਆਂ ਦੇਣ ਦੇ ਦਾਅਵੇ ਕਰਨ ਨਾਲ ਗੱਲ ਨਹੀਂ ਬਣਨੀ, ਸਗੋਂ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨੇ ਪੈਣਗੇ। ਉਹਨਾਂ ਦੱਸਿਆ ਕਿ ਉੱਥੇ ਦੋ ਮਾਰਕੀਟ ਕਮੇਟੀਆਂ ਬਣਾਉਣ ਦੇ ਨਾਲ-ਨਾਲ ਪੀ.ਏ.ਡੀ.ਬੀ. ਅਤੇ ਕੋਆਪਰੇਟਿਵ ਬੈਂਕਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮਨਜ਼ੂਰ ਕਰਵਾਈਆਂ ਗਈਆਂ ਛੇ ਖੰਡ ਮਿੱਲਾਂ ਅੱਜ ਵੀ ਚੱਲ ਰਹੀਆਂ ਹਨ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਚੰਦੂਮਾਜਰਾ ਨੇ ਅਫਸੋਸ ਪ੍ਰਗਟ ਕੀਤਾ ਕਿ ਅੱਜ ਇੱਕ ਪਾਸੇ ਸਰਕਾਰੀ ਨੌਕਰੀਆਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਖਾਲੀ ਪਈਆਂ ਹਨ। ਨਵੀਂਆਂ ਅਸਾਮੀਆਂ ਪੈਦਾ ਕਰਨ ਜਾਂ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਦੀ ਬਜਾਏ ਸਰਕਾਰਾਂ ਸਿਰਫ਼ ਸੌਖੇ ਰਾਹਾਂ ’ਤੇ ਚੱਲ ਕੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਸਮੂਹ ਰਾਜਨੀਤਿਕ ਜਮਾਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਵਿਕਾਸਮੁਖੀ ਨੀਤੀਆਂ ਉੱਤੇ ਕੰਮ ਕਰਨ, ਨਾ ਕਿ ਸਿਰਫ਼ ਸਕੀਮਾਂ ਤੱਕ ਸੀਮਤ ਰਹਿਣ।