ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਲਈ ਚੋਣਾਂ ਦੌਰਾਨ ਫੇਰੀਆਂ ਵੇਲੇ ਵਾਅਦੇ ਅਤੇ ਬਿਆਨ ਦੇਣ ਤੋਂ ਇਲਾਵਾ ਕੋਈ ਠੋਸ ਕੰਮ ਨਹੀਂ ਕੀਤਾ ਹੈ। ਇਸ ਲੜੀ ਹੇਠ, ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਆਏ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪੰਜਾਬ ਲਈ ਕੋਈ ਨਵੀਂ ਜਾਂ ਠੋਸ ਯੋਜਨਾ ਨਹੀਂ ਸੀ, ਸਗੋਂ ਉਹ ਸਿਰਫ਼ ਉਹੀ ਪੁਰਾਣੇ ਵਾਅਦੇ ਦੁਹਰਾ ਰਹੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਕੋਈ ਨੀਅਤ ਨਹੀਂ ਦਿਖਾਈ ਦਿੰਦੀ। ਸੂਬਾ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲੋਕਾਂ ਵਿੱਚ ਧਰੁਵੀਕਰਨ ਦੀ ਸਿਆਸਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਤੁਹਾਡੀ ਸਰਕਾਰ 2017 ਤੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਇਹ ਲੋਕਾਂ ਨੂੰ ਬਲੈਕਮੇਲ ਕਰਨ ਵਰਗਾ ਹੈ ਕਿ ਪਹਿਲਾਂ ਸਾਨੂੰ ਵੋਟ ਦਿਓ, ਫਿਰ ਹੀ ਤੁਹਾਨੂੰ ਤੁਹਾਡਾ ਬਣਦਾ ਹੱਕ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਸਾਲਾਂ ਤੋਂ ਸਿਰਫ਼ ਵਾਅਦੇ ਹੀ ਮਿਲੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ, ਉਦਯੋਗਾਂ ਦਾ ਪੁਨਰਜੀਵਨ, ਨੌਜਵਾਨਾਂ ਲਈ ਰੁਜ਼ਗਾਰ, ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਪੈਕੇਜ, ਕਿਸਾਨਾਂ ਲਈ ਮਜ਼ਬੂਤ ਸਹਾਇਤਾ ਅਤੇ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਨਿਰਣਾਇਕ ਕਾਰਵਾਈ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ। ਹੁਣ ਪੰਜਾਬ ਨੂੰ ਆਪਣੇ ਹੱਕ ਲਈ ਹੋਰ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਹੈ। ਪੰਜਾਬ ਨੂੰ ਕੱਲ੍ਹ ਦੀਆਂ ਸੁਰਖੀਆਂ ਨਹੀਂ, ਸਗੋਂ ਅਜਿਹਾ ਕੰਮ ਚਾਹੀਦਾ ਹੈ, ਜੋ ਤੁਹਾਡੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਯਾਦ ਰਹੇ।