ਪਟਿਆਲਾ : ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਅਤੇ ਮਹਾਕਵੀ ਕਾਲੀਦਾਸ ਜਯੰਤੀ ਮੌਕੇ "ਭਾਰਤ ਥੀਏਟਰ ਦੇ ਮਾਧਿਅਮ ਰਾਹੀਂ ਬੋਲਦਾ ਹੈ – ਯੁਵਾ ਰੰਗਮੰਚ ਰਾਹੀਂ ਰਾਸ਼ਟਰ ਜਾਗ੍ਰਿਤੀ" ਵਿਸ਼ੇ ਹੇਠ ਰਾਸ਼ਟਰੀ ਨਾਟਕ ਮਹਾਉਤਸਵ 2026 ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਮਹਾਉਤਸਵ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ (ਰਾਸ਼ਟਰੀ ਸੰਗੀਤ, ਨ੍ਰਿਤ ਅਤੇ ਨਾਟਕ ਅਕਾਦਮੀ) ਵੱਲੋਂ ਸੈਂਟਰ ਫ਼ਾਰ ਕਲਚਰਲ ਰਿਸੋਰਸਿਜ਼ ਐਂਡ ਟ੍ਰੇਨਿੰਗ (ਸੀ.ਸੀ.ਆਰ.ਟੀ.), ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਲਈ ਪੰਜਾਬ ਸਿੱਖਿਆ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਾਲੂ ਮਹਿਰਾ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਅਤੇ ਸਰਕਾਰੀ ਮਿਡਲ ਸਕੂਲ ਘੜਾਮਾ ਕਲਾਂ ਦੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸਮਾਗਮ ਵਿੱਚ ਆਜ਼ਾਦੀ ਘੁਲਾਟੀਏ ਸੀਤਾ ਸਿੰਘ ਦੇ ਪਰਿਵਾਰਕ ਮੈਂਬਰ ਸਤਿਆ ਦੇਵੀ ਪਤਨੀ ਅਜਾਦੀ ਘੁਲਾਟੀਏ ਸੀਤਾ ਸਿੰਘ, ਦੋਵੇਂ ਪੁੱਤਰ ਦੇਸ ਰਾਜ ਅਤੇ ਬੁੱਧ ਰਾਮ ਬੱਬੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਰੰਗਮੰਚ ਰਾਹੀਂ ਪ੍ਰਫੁੱਲਤ ਕਰਨ ਦੇ ਸੰਦੇਸ਼ ਨਾਲ ਸਮਾਗਮ ਦਾ ਸਮਾਪਨ ਹੋਇਆ।