ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਜਥੇਬੰਦੀ ਵੱਲੋਂ ਕੱਲ੍ਹ 17 ਜੁਲਾਈ ਨੂੰ ਸਿੱਖ ਕੌਮ ਦੇ ਮਹਾਨ ਆਗੂ ਸ ਤੇਜਾ ਸਿੰਘ ਸਮੁੰਦਰੀ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਅੱਜ ਤੋਂ ਸੌ ਸਾਲ ਪਹਿਲਾਂ 44 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਅੰਦਰ ਕੈਦ ਦੌਰਾਨ ਆਪਣਾ ਸਰੀਰਕ ਚੋਲ੍ਹਾ ਤਿਆਗਣ ਵਾਲੇ ਸ ਤੇਜਾ ਸਿੰਘ ਦੀ ਯਾਦ ਵਿੱਚ ਇਹ ਸਮਾਗਮ ਗੁਰਦੁਆਰਾ ਬੁਰਜ ਬਾਬਾ ਫੂਲਾ ਸਿੰਘ ਅਕਾਲੀ (ਅੰਮ੍ਰਿਤਸਰ) ਵਿਖੇ ਹੋਵੇਗਾ, ਜਿੱਥੇ ਕੌਮ ਦੇ ਨਾਮਵਰ ਵਿਦਵਾਨ ਸੰਗਤਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਿਤ ਇਹਨਾਂ ਆਗੂਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਉਸ ਵੇਲੇ ਸ਼ਹੀਦ ਹੋਣ ਵਾਲੇ ਸ ਹਜਾਰਾ ਸਿੰਘ ਅਲਾਦੀਨਪੁਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸ ਵਡਾਲਾ ਨੇ ਜਥੇਬੰਦੀ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਸਰਗਰਮੀਆਂ ਦੀ ਜਾਣਕਾਰੀ ਵੀ ਦਿੱਤੀ। ਜਿੰਨਾਂ ਵਿੱਚ ਹਲਕਾਵਾਰ ਮੀਟਿੰਗਾਂ ਦੇ ਸਿਲਸਿਲੇ ਤਹਿਤ 18 ਜੁਲਾਈ ਨੂੰ ਵਿਧਾਨ ਸਭਾ ਹਲਕਾ ਸਮਾਣਾ (ਪਟਿਆਲਾ), 19 ਜੁਲਾਈ ਨੂੰ ਸੰਗਰੂਰ ਜਿਲ੍ਹੇ ਦੇ ਚਾਰ ਹਲਕਿਆਂ ਵਿੱਚ, 22 ਜੁਲਾਈ ਨੂੰ ਜਿਲ੍ਹਾ ਜਲੰਧਰ, 31 ਜੁਲਾਈ ਨੂੰ ਕਪੂਰਥਲਾ, 8 ਅਗਸਤ ਨੂੰ ਪਠਾਨਕੋਟ ਅਤੇ 9 ਅਗਸਤ ਨੂੰ ਗੁਰਦਾਸਪੁਰ ਵਿੱਚ ਵਰਕਰ ਮੀਟਿੰਗਾਂ ਕੀਤੀਆਂ ਜਾਣਗੀਆਂ। ਸ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੀ ਬਰਸੀ 30 ਜੁਲਾਈ ਨੂੰ ਅਤੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਵੀ ਮਨਾਈ ਜਾਵੇਗੀ। ਸ ਵਡਾਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਗੁਰਦੁਆਰਾ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਵਿਖੇ ਹੁਮਹੁਮਾ ਕੇ ਪਹੁੰਚਣ।