ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ, ਵੱਲੋਂ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀ.ਟੀ. ਰੋਡ ਵਿਖੇ "ਨੈਤਿਕਤਾ ਅਤੇ ਸ਼ਖਸੀਅਤ ਵਿਕਾਸ" ਵਿਸ਼ੇ 'ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ ਮੁੱਖ ਵਕਤਾ ਵਜੋਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਨੁੱਖੀ ਜੀਵਨ ਨੂੰ ਉੱਚਾ, ਸਫ਼ਲ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਬਣਾਉਣ ਸੰਬੰਧੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਸੱਚ, ਨਿਮਰਤਾ, ਦਇਆ, ਸੇਵਾ, ਸੰਤੋਖ ਅਤੇ ਨਾਮ ਨਾਲ ਜੁੜ ਕੇ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ। ਇਨ੍ਹਾਂ ਗੁਣਾਂ ਨੂੰ ਅਪਣਾ ਕੇ ਹੀ ਮਨੁੱਖ ਆਪਣੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰ ਸਕਦਾ ਹੈ ਅਤੇ ਸਮਾਜ ਲਈ ਇੱਕ ਆਦਰਸ਼ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕ ਮੁੱਲਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹੋਏ ਹੋਰਨਾਂ ਨੂੰ ਵੀ ਇਨ੍ਹਾਂ ਗੁਣਾਂ ਨਾਲ ਜੋੜਨਾ ਅਤੇ ਚੰਗੇ ਆਚਰਨ ਲਈ ਪ੍ਰੇਰਿਤ ਕਰਨਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਜੀਵਨ ਵਿੱਚ ਬਲ, ਹਿੰਮਤ, ਬਿਬੇਕ, ਸਦਬੁੱਧੀ, ਸੰਜਮ ਅਤੇ ਆਤਮ-ਵਿਸ਼ਵਾਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ "ਮੁਸੀਬਤਾਂ ਕਦੇ ਵੀ ਮਨੁੱਖ ਤੋਂ ਵੱਡੀਆਂ ਨਹੀਂ ਹੁੰਦੀਆਂ, ਸਗੋਂ ਮਨੁੱਖ ਦਾ ਆਤਮ-ਵਿਸ਼ਵਾਸ ਉਨ੍ਹਾਂ ਨਾਲੋਂ ਵੱਡਾ ਹੁੰਦਾ ਹੈ।" ਇਸ ਮੌਕੇ ਸ. ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਐਡੀਸ਼ਨਲ ਸਕੱਤਰ, ਐਜੂਕੇਸ਼ਨਲ ਕਮੇਟੀ ਅਤੇ ਮੈਂਬਰ, ਧਰਮ ਪ੍ਰਚਾਰ ਕਮੇਟੀ ਨੇ ਮੁੱਖ ਵਕਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਅਧਾਰਿਤ ਸੈਮੀਨਾਰ ਨੌਜਵਾਨ ਪੀੜ੍ਹੀ ਵਿੱਚ ਨੈਤਿਕ ਕਦਰਾਂ-ਕੀਮਤਾਂ, ਉੱਚੇ ਚਰਿੱਤਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਗਿਆਨ ਭਰਪੂਰ ਅਤੇ ਪ੍ਰੇਰਣਾਦਾਇਕ ਪ੍ਰੋਗਰਾਮ ਲਗਾਤਾਰ ਕਰਵਾਏ ਜਾਂਦੇ ਰਹਿਣਗੇ। ਸਮਾਗਮ ਦੇ ਅੰਤ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਹਰਮਨਜੀਤ ਸਿੰਘ, ਸ. ਤਰਲੋਚਨ ਸਿੰਘ, ਸ. ਗੁਰਭੇਜ ਸਿੰਘ, ਸ. ਤਜਿੰਦਰ ਸਿੰਘ ਖਾਲਸਾ, ਅੰਡਰ ਸੈਕਟਰੀ ਸ. ਕੰਵਰ ਸੁਖਜਿੰਦਰ ਸਿੰਘ ਛੱਤਵਾਲ, ਮੈਡਮ ਜਸਵਿੰਦਰ ਕੌਰ ਮਾਹਲ, ਪ੍ਰਿੰਸੀਪਲ ਕਵਲਪ੍ਰੀਤ ਕੌਰ, , ਪ੍ਰਿੰਸੀਪਲ ਹਰਪਾਲ ਸਿੰਘ, ਮੈਡਮ ਸੁਖਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ, ਵਿਦਿਆਰਥੀ ਅਤੇ ਸੰਗਤਾਂ ਹਾਜ਼ਰ ਸਨ।