ਪਟਿਆਲਾ : ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦੀ ਮੌਜੂਦਾ ਦੁਰਦਸ਼ਾ ਅਤੇ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਹੋ ਰਹੀ ਲਾਪਰਵਾਹੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਮੋਹਿਤ ਮੋਹਿੰਦਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨਦੀਆਂ ਦੇ ਵੱਖ-ਵੱਖ ਹਿੱਸਿਆਂ ਦਾ ਬਾਰੀਕੀ ਨਾਲ ਦੌਰਾ ਕਰਨ ਉਪਰੰਤ ਮੋਹਿਤ ਮੋਹਿੰਦਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਹੜ੍ਹ ਰੋਕੂ ਪ੍ਰਬੰਧਾਂ, ਸਫ਼ਾਈ ਅਤੇ ਸੁੰਦਰੀਕਰਨ ਦੇ ਨਾਮ 'ਤੇ ਕਰੋੜਾਂ ਰੁਪਏ ਦੇ ਸਰਕਾਰੀ ਟੈਂਡਰ ਤਾਂ ਜ਼ਰੂਰ ਜਾਰੀ ਕੀਤੇ ਗਏ, ਪਰ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਦੀ ਫ਼ੋਕੀ ਫੂਕ ਨਿਕਲਦੀ ਬਿਆਨ ਕਰ ਰਹੀ ਹੈ। ਛੋਟੀ ਨਦੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2018 ਵਿੱਚ 220 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ ਇਸ ਦੇ ਕਾਇਆ-ਕਲਪ ਲਈ ਇੱਕ ਇਤਿਹਾਸਕ ਪ੍ਰੋਜੈਕਤ ਸ਼ੁਰੂ ਕੀਤਾ ਸੀ। ਇਸ ਯੋਜਨਾ ਤਹਿਤ ਨਦੀ ਦੀ ਮੁਕੰਮਲ ਸਫ਼ਾਈ, ਪੱਕੇ ਬੰਨ੍ਹ, ਹਰਿਆਲੀ, ਸ਼ਾਨਦਾਰ ਫੁੱਟਪਾਥ, ਓਪਨ ਜਿਮ ਅਤੇ ਸਾਈਕਲ ਟਰੈਕ ਬਣਾ ਕੇ ਸ਼ਹਿਰ ਵਾਸਿਆਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਜਾਣੀ ਸੀ ਅਤੇ ਸਾਲ 2022 ਤੱਕ ਇਸ ਦਾ ਕੰਮ ਨਿਰੰਤਰ ਬਹੁਤ ਵਧੀਆ ਚੱਲ ਰਿਹਾ ਸੀ। ਪਰ ਮੌਜੂਦਾ ਸਰਕਾਰ ਦੇ ਆਉਣ ਤੋਂ ਬਾਅਦ ਰਾਜਨੀਤਿਕ ਰੰਜਿਸ਼ ਤਹਿਤ ਇਹ ਕਰੋੜਾਂ ਦਾ ਪ੍ਰੋਜੈਕਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਪਹਿਲਾਂ ਬਣੇ ਕਰੋੜਾਂ ਦੇ ਢਾਂਚੇ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਉਹ ਬਰਬਾਦ ਹੋ ਰਿਹਾ ਹੈ।