ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮੰਗਲਵਾਰ ਨੂੰ ਸੁਨਾਮ ਵਿਖੇ ਨਗਰ ਕੌਂਸਲ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਦੇ ਰਹੇ ਸਫ਼ਾਈ ਕਾਮਿਆਂ ਨੇ ਸੂਬੇ ਦੀ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਦਾ ਅਮਲ ਖਤਮ ਹੁੰਦਿਆਂ ਸਰਕਾਰ ਨੇ ਮੰਗਾਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ। ਸਫ਼ਾਈ ਮਜ਼ਦੂਰ ਯੂਨੀਅਨ ਸੁਨਾਮ ਦੇ ਚੇਅਰਮੈਨ ਦੁਲੀਆ ਰਾਮ , ਪ੍ਰਧਾਨ ਅਮਨ ਸਿੱਖਣ, ਵਿਜੈ ਸ਼ੰਕਰ, ਸੂਰਜ ਕੁਮਾਰ, ਵਿਜੇ ਡੋਨੀ, ਅਜੈ ਕੁਮਾਰ (ਮੁੰਨਾ), ਸ਼ਰਦਾ ਰਾਮ, ਸੁਨੀਲ ਕੁਮਾਰ (ਪਾਲੀ), ਰਮਨ ਕੁਮਾਰ ਗਿੱਲ ਅਤੇ ਬਲਵਿੰਦਰ ਕੁਮਾਰ ਗਿੱਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਮਈ ਤੇ ਜੂਨ ਮਹੀਨੇ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਸੀ ਇਸ ਦੌਰਾਨ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕਰਕੇ ਹੜਤਾਲ ਨੂੰ ਖਤਮ ਕਰਵਾ ਦਿੱਤਾ ਗਿਆ ਲੇਕਿਨ ਸੂਬੇ ਅੰਦਰ ਨਗਰ ਕੌਂਸਲ ਚੋਣਾਂ ਦਾ ਅਮਲ ਸੰਪੰਨ ਹੋਣ ਤੋਂ ਬਾਅਦ ਸੂਬੇ ਦੀ ਭਗਵੰਤ ਮਾਨ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ। ਬੁਲਾਰਿਆਂ ਨੇ ਆਖਿਆ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਸਫ਼ਾਈ ਸੇਵਕ ਡਾਢੇ ਨਰਾਜ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਸਫ਼ਾਈ ਕਾਮਿਆਂ ਨੂੰ ਪੱਕਾ ਕਰਨ ਲਈ ਬਣਾਈ 10 ਸਾਲਾਂ ਦੀ ਪਾਲਿਸੀ ਨੂੰ ਬੰਦ ਕਰਕੇ 3 ਸਾਲਾਂ ਦੀ ਬਣਾਇਆ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਸਫ਼ਾਈ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਨ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰੱਖੀ ਜਾਵੇਗੀ।