ਬਲਾਚੌਰ : ਯੂਥ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਇੰਜੀਨੀਅਰ ਹਿਤਰਾਜ ਚੌਧਰੀ ਜੰਡੀ ਵੱਲੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਉੱਚ ਪੱਧਰੀ ਮੁਲਾਕਾਤ ਦੌਰਾਨ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਹਿਤਰਾਜ ਜੰਡੀ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਸਾਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਨਵੀਂ ਤੇ ਅਹਿਮ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਿਤਰਾਜ ਜੰਡੀ ਦੇ ਨਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਾਥੀ ਸੁਰਿੰਦਰ ਸਿੰਘ ਹਰੀ ਪੁਰ ਰੋਪੜ , ਅਮਨਦੀਪ ਸਿੰਘ ਅਤੇ ਚਮਕੌਰ ਸਾਹਿਬ ਤੋਂ ਪਹੁੰਚੇ ਰਵਿੰਦਰ ਸਿੰਘ ਬਿੱਲਾ ਦਾ ਵੀ ਮਨੀਸ਼ ਤਿਵਾੜੀ ਵੱਲੋਂ ਮੂੰਹ ਮਿੱਠਾ ਕਰਵਾ ਕੇ ਸਿਆਸੀ ਖੇਤਰ ਵਿੱਚ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਮੁਲਾਕਾਤ ਦੌਰਾਨ ਨੌਜਵਾਨ ਆਗੂਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਅਤੇ ਯੂਥ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣਾ ਕਿਸੇ ਪਰਮਾਤਮਾ ਦਾ ਨਾਂ ਲੈਣ ਦੇ ਪਵਿੱਤਰ ਕਾਰਜ ਦੇ ਬਰਾਬਰ ਹੀ ਹੈ। ਜੰਡੀ ਨੇ ਕਿਹਾ ਕਿ ਉਹ ਸੀਨੀਅਰ ਲੀਡਰਸ਼ਿਪ ਵੱਲੋਂ ਦਿਖਾਏ ਗਏ ਮਾਰਗ-ਦਰਸ਼ਨ ਅਤੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਬਲਾਚੌਰ ਸਮੇਤ ਪੂਰੇ ਜ਼ਿਲ੍ਹੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੋੜਨਗੇ। ਉਨ੍ਹਾਂ ਪ੍ਰਣ ਲਿਆ ਕਿ ਮੌਜੂਦਾ ਦੌਰ ਵਿੱਚ ਨੌਜਵਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਕੇ ਅਤੇ ਉਨ੍ਹਾਂ ਨੂੰ ਲਾਮਬੰਦ ਕਰਕੇ ਜ਼ਮੀਨੀ ਪੱਧਰ ਤੇ ਕਾਂਗਰਸ ਸੰਗਠਨ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਅਤੇ ਚੜ੍ਹਦੀ ਕਲਾ ਵਿੱਚ ਲਿਆਂਦਾ ਜਾਵੇਗਾ।