ਮੋਗਾ : ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਨਾਲ ਕੀਤੇ ਗਏ ਭਰੋਸਿਆਂ ਨੂੰ ਅਮਲੀ ਜਾਮਾ ਨਾ ਪਹਿਨਾਏ ਜਾਣ ਦੇ ਰੋਸ ਵਜੋਂ ਪੰਜਾਬ ਭਰ ਵਿਚ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਦਾ ਅਸਰ ਹੁਣ ਮੋਗਾ ਸ਼ਹਿਰ ਵਿਚ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਜਨਤਕ ਥਾਵਾਂ ’ਤੇ ਕੂੜੇ ਦੇ ਵੱਡੇ-ਵੱਡੇ ਡੰਪ ਲੱਗ ਗਏ ਹਨ, ਜਿਸ ਕਾਰਨ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਝਟਕਾ ਲੱਗਿਆ ਹੈ, ਸਗੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਸਬੰਧੀ ਮੋਗਾ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਫਾਈ ਸੇਵਕ ਯੂਨੀਅਨ ਵੱਲੋਂ 8 ਜੁਲਾਈ ਤੋਂ ਮੁੜ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਮੋਗਾ ਸ਼ਹਿਰ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮਾਲਵਿਕਾ ਸੂਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਫਾਈ ਸੇਵਕਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸੀ, ਜੋ 21 ਮਈ ਨੂੰ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਉਪਰੰਤ ਖਤਮ ਹੋਈ ਸੀ। ਆਪਣੀ ਸਿਹਤ ਨੂੰ ਜੋਖਮ ਵਿਚ ਪਾ ਕੇ ਉਹ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਂਦੇ ਹਨ। ਅਜਿਹੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਸਰਕਾਰ ਲਈ ਠੀਕ ਨਹੀਂ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਅਤੇ ਜਨ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਫਾਈ ਸੇਵਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਲਾਗੂ ਕੀਤਾ ਜਾਵੇ ਤਾਂ ਜੋ ਹੜਤਾਲ ਖਤਮ ਹੋ ਸਕੇ ਅਤੇ ਮੋਗਾ ਸਮੇਤ ਪੂਰੇ ਸੂਬੇ ਵਿੱਚ ਸਫਾਈ ਪ੍ਰਬੰਧ ਮੁੜ ਪਟੜੀ ’ਤੇ ਆ ਸਕਣ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਹੋਰ ਲੰਬੀ ਚੱਲਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਹੋਵੇਗੀ।