ਪਟਿਆਲਾ : ਪਟਿਆਲਾ ਸ਼ਹਿਰ ਦੇ ਮੇਅਰ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਵਸ ਇਸ ਵਾਰ ਸਮਾਜ ਸੇਵਾ ਦੀ ਭਾਵਨਾ ਨਾਲ ਰਾਜਪੁਰਾ ਰੋਡ ਸਥਿਤ ਐਸ.ਡੀ.ਕੇ.ਐਸ. ਪਿੰਗਲਾ ਆਸ਼ਰਮ ਦਾ ਵਿਚ ਜਾ ਕੇ ਮਨਾਇਆ ਗਿਆ । ਇਸ ਮੌਕੇ ਪਟਿਆਲੇ ਦੀਆਂ ਕਈ ਸਿਰਮੋਰ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਸ਼ਹਿਰ ਦੇ ਪਤਵੰਤੇ ਲੋਕ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਆਸ਼ਰਮ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬਜੁਰਗਾ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਜਨਮ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਮੇਅਰ ਕੁੰਦਨ ਗੋਗੀਆ ਨੇ ਆਸ਼ਰਮ ਦੇ ਪ੍ਰਬੰਧਕਾਂ, ਸਟਾਫ ਅਤੇ ਉੱਥੇ ਰਹਿ ਰਹੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਲੋੜਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਖੁਸ਼ੀਆਂ ਵਿੱਚ ਸ਼ਾਮਲ ਕਰਨਾ ਅਤੇ ਲੋੜਵੰਦਾਂ ਦਾ ਸਾਥ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਨਮ ਦਿਵਸ ਵਰਗੇ ਖ਼ਾਸ ਮੌਕਿਆਂ ਨੂੰ ਸਿਰਫ਼ ਨਿੱਜੀ ਜਸ਼ਨ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਦੀ ਭਲਾਈ ਲਈ ਸਮਰਪਿਤ ਕਰਨਾ ਇੱਕ ਚੰਗੀ ਸੋਚ ਹੈ। ਮੇਅਰ ਕੁੰਦਨ ਗੋਗੀਆ ਦੇ ਇਸ ਸਾਦਗੀ ਭਰੇ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਜਨਮ ਦਿਵਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਅਸਲ ਖੁਸ਼ੀ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਅਤੇ ਸਮਾਜ ਦੇ ਲੋੜਵੰਦ ਵਰਗਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ।