ਸਮਾਣਾ : ਇਲਾਕੇ ਦੀ ਪ੍ਰਮੁੱਖ ਅਕਾਦਮਿਕ ਅਤੇ ਸਾਹਿਤਕ ਸ਼ਖਸੀਅਤ ਪ੍ਰੋਫੈਸਰ ਹਰਦਿਆਲ ਮੈਦਾਨ ਜੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਸਿੱਖਿਆ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਮਾਤਾ ਨੈਣਾ ਆਰੀਆ ਧਰਮਸ਼ਾਲਾ ਸਮਾਣਾ ਵਿਖੇ ਆਯੋਜਿਤ ਸਮਾਗਮ ਦੌਰਾਨ ਉਨ੍ਹਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਪ੍ਰੋ. ਮੈਦਾਨ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਘਲਾ ਨੇ ਕਿਹਾ ਕਿ ਪ੍ਰੋਫੈਸਰ ਹਰਦਿਆਲ ਮੈਦਾਨ ਨੇ ਆਪਣੇ ਜੀਵਨ ਕਾਲ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਉੱਚ ਮੁਕਾਮਾਂ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਸਿੱਖਿਆ ਜਗਤ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਸਾਹਿਤਕ ਹਲਕਿਆਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਡੂੰਘੇ ਸੋਗ ਦਾ ਪ੍ਰਗਟਾਵਾ ਕਰਦਿਆਂ ਨਗਰ ਕੌਂਸਲ ਸਮਾਣਾ ਦੇ ਮੌਜੂਦਾ ਪ੍ਰਧਾਨ ਦੇ ਪ੍ਰਤੀਨਿਧ ਕਪੂਰ ਚੰਦ ਬਾਂਸਲ ਨੇ ਕਿਹਾ, "ਪ੍ਰੋਫੈਸਰ ਹਰਦਿਆਲ ਮੈਦਾਨ ਇੱਕ ਨਿੱਘੇ ਸੁਭਾਅ ਵਾਲੇ, ਮਿਹਨਤੀ ਅਤੇ ਇਮਾਨਦਾਰ ਇਨਸਾਨ ਸਨ। ਉਨ੍ਹਾਂ ਵੱਲੋਂ ਸਮਾਜ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਇਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।" ਇਸ ਦੌਰਾਨ ਪਰਿਵਾਰ ਵੱਲੋਂ ਅੰਤਿਮ ਅਰਦਾਸ ਤੇ ਭੋਗ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਰਾਜਨੀਤਿਕ, ਧਾਰਮਿਕ, ਸਿਆਸੀ ਆਗੂਆਂ, ਰਿਸ਼ਤੇਦਾਰਾਂ ਅਤੇ ਸਾਕ-ਸੰਬੰਧੀਆਂ ਦਾ ਧੰਨਵਾਦ ਵੀ ਕੀਤਾ ਗਿਆ।