ਸਨੌਰ : ਹਲਕਾ ਸਨੌਰ ਦੇ ਪਿੰਡ ਸਿਰਕਪੜਾ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਲੋਕਾਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਪਿੰਡ ਨੇੜੇ ਘੱਗਰ ਦਰਿਆ 'ਤੇ ਬਣੇ ਪੁੱਲ ਦੇ ਕੰਢੇ ਵਾਲੇ ਹਿੱਸੇ ਵਿੱਚ ਮਿੱਟੀ ਲਗਾਤਾਰ ਖਿਸਕਣ ਕਾਰਨ ਸੁਰੱਖਿਆ ਕੰਢਾ ਕਾਫ਼ੀ ਕਮਜ਼ੋਰ ਹੋ ਗਿਆ ਹੈ। ਪਿੰਡ ਵਾਸੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਦੌਰਾਨ ਪਾਣੀ ਦਾ ਪੱਧਰ ਵਧਿਆ ਤਾਂ ਹੜ੍ਹ ਵਰਗੀ ਸਥਿਤੀ ਮੁੜ ਪੈਦਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਲ 2025 ਦੌਰਾਨ ਪਿੰਡ ਸਿਰਕਪੜਾ ਹੜ੍ਹਾਂ ਦੀ ਭਿਆਨਕ ਮਾਰ ਹੇਠ ਆਇਆ ਸੀ, ਜਿਸ ਕਾਰਨ ਫਸਲਾਂ, ਘਰਾਂ, ਸੜਕਾਂ ਅਤੇ ਲੋਕਾਂ ਦੀ ਸੰਪਤੀ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਸ ਤਬਾਹੀ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ। ਇਸੇ ਚਿੰਤਾ ਨੂੰ ਦੇਖਦਿਆਂ ਅੱਜ ਹਲਕਾ ਸਨੌਰ ਦੇ ਆਜ਼ਾਦ ਉਮੀਦਵਾਰ ਅਤੇ ਉੱਘੇ ਸਮਾਜ ਸੇਵੀ ਰਾਕੇਸ਼ ਬੱਗਾ ਨੇ ਪਿੰਡ ਸਿਰਕਪੜਾ ਦਾ ਦੌਰਾ ਕਰਕੇ ਘੱਗਰ ਦਰਿਆ ਦੇ ਕੰਢਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਵਾਸੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹਾਲਾਤ ਦਾ ਨਿਰੀਖਣ ਕੀਤਾ। ਰਾਕੇਸ਼ ਬੱਗਾ ਨੇ ਕਿਹਾ ਕਿ ਪਿਛਲੇ ਸਾਲ ਆਈ ਭਿਆਨਕ ਤਬਾਹੀ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੇਂ ਅਤੇ ਸਥਾਈ ਪ੍ਰਬੰਧ ਨਹੀਂ ਕੀਤੇ ਗਏ। ਰਾਕੇਸ਼ ਬੱਗਾ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘੱਗਰ ਦਰਿਆ ਦੇ ਕਮਜ਼ੋਰ ਕੰਢਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਬਰਸਾਤਾਂ ਤੋਂ ਪਹਿਲਾਂ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਪਿੰਡ ਸਿਰਕਪੜਾ ਨੂੰ ਇਸ ਵਾਰ ਹੜ੍ਹਾਂ ਦੀ ਸੰਭਾਵਿਤ ਤਬਾਹੀ ਤੋਂ ਬਚਾਇਆ ਜਾ ਸਕੇ।