ਅੰਮ੍ਰਿਤਸਰ, 10 ਜੁਲਾਈ : ਸ਼ਹਿਰ ਵਿੱਚ ਗਾਵਾਂ ਦੀ ਸਾਂਭ-ਸੰਭਾਲ ਨੂੰ ਹੋਰ ਬਿਹਤਰ ਬਣਾਉਣ ਲਈ ਸੈਂਟਰਲ ਹਲਕੇ ਦੇ ਵਿਧਾਇਕ ਅਜੇ ਗੁਪਤਾ ਵੱਲੋਂ ਇੱਕ ਪੁਰਾਤਨ ਗਊਸ਼ਾਲਾ ਦੇ ਨਵੀਨੀਕਰਨ (ਰੈਨੋਵੇਸ਼ਨ) ਦੇ ਕੰਮ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਅੰਮ੍ਰਿਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਅਹਿਮ ਯੋਗਦਾਨ ਪਾਇਆ ਹੈ। ਵਿਧਾਇਕ ਅਜੈ ਗੁਪਤਾ ਨੇ ਦੱਸਿਆ ਕਿ ਇਸ ਪੁਰਾਤਨ ਗਊਸ਼ਾਲਾ, ਜੋ ਕਿ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੋਈ ਹੈ, ਦੀ ਹਾਲਤ ਸੁਧਾਰਨ ਲਈ ਤਕਰੀਬਨ 27 ਲੱਖ ਰੁਪਏ ਦਾ ਟੈਂਡਰ ਪਾਸ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਗਊਸ਼ਾਲਾ ਵਿੱਚ ਨਵਾਂ ਅਤੇ ਵਧੀਆ ਫਲੋਰ (ਫਰਸ਼) ਬਣਾਇਆ ਜਾਵੇਗਾ, ਸੀਵਰੇਜ ਦਾ ਵੱਡਾ ਸਿਸਟਮ ਪਾਇਆ ਜਾਵੇਗਾ ਅਤੇ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਨਵੇਂ ਪੱਖੇ ਅਤੇ ਫਸਟ ਕਲਾਸ ਸ਼ੈੱਡ ਤਿਆਰ ਕੀਤੇ ਜਾਣਗੇ। ਇਸ ਦੇ ਨਾਲ ਹੀ ਆਲੇ-ਦੁਆਲੇ ਦੀਆਂ ਦੀਵਾਰਾਂ ਨੂੰ ਵੀ 9-9 ਇੰਚ ਮਜ਼ਬੂਤ ਕੀਤਾ ਜਾਵੇਗਾ। ਗਊ ਸੇਵਾ ਨੂੰ ਪੁੰਨ ਦਾ ਕੰਮ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸੁਖਾਲੇ ਤਰੀਕੇ ਨਾਲ ਸੇਵਾ ਕਰ ਸਕਣ। ਇਸ ਦੇ ਨਾਲ ਹੀ ਗਊਸ਼ਾਲਾ ਦੇ ਬਿਲਕੁਲ ਨਜ਼ਦੀਕ ਵੈਟਰਨਰੀ ਹਸਪਤਾਲ ਹੋਣ ਕਾਰਨ ਬਿਮਾਰ ਜਾਂ ਜ਼ਖਮੀ ਗਾਵਾਂ ਦੇ ਇਲਾਜ ਅਤੇ ਮੈਡੀਕਲ ਸਹੂਲਤਾਂ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਕੰਮ ਨੂੰ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।