ਸੰਗਰੂਰ : ਸੀਨੀਅਰ ਪੁਲਿਸ ਕਪਤਾਨ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਨੂੰ ਉਤਸ਼ਾਹਿਤ ਕਰਦਿਆਂ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਟਰੇਸ ਕਰਕੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਨ ਵਾਪਸ ਮਿਲ ਰਿਹਾ ਹੈ, ਸਗੋਂ ਉਨ੍ਹਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਵਿੱਚ ਵੀ ਸੰਗਰੂਰ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਸ੍ਰੀ ਦਵਿੰਦਰ ਅੱਤਰੀ, ਪੀ.ਪੀ.ਐੱਸ., ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਸੁਪਰਵੀਜ਼ਨ ਅਤੇ ਸ੍ਰੀ ਸੁਖਦੇਵ ਸਿੰਘ ਬਰਾੜ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਸੰਗਰੂਰ ਦੀ ਟੀਮ ਨੇ ਇਸ ਮੁਹਿੰਮ ਤਹਿਤ ਅੱਜ 103 ਗੁੰਮ ਹੋਏ ਮੋਬਾਈਲ ਫੋਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 15 ਲੱਖ ਰੁਪਏ ਹੈ, ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਹਨ।