ਦੇਵੀਗੜ੍ਹ : ਨਜ਼ਦੀਕੀ ਪਿੰਡ ਜੁਲਕਾਂ ਵਿਚ ਬੀਤੇ ਦਿਨ ਹਲਕੇ ਕੁੱਤੇ ਨੇ ਭਾਰੀ ਤਬਾਹੀ ਮਚਾ ਦਿੱਤੀ। ਇੱਕੋ ਦਿਨ ਦੋ ਵਿਅਕਤੀਆਂ ਇੱਕ ਬੱਚੇ ਅਤੇ ਇੱਕ ਔਰਤ ਨੂੰ ਹਲਕੇ ਕੁੱਤੇ ਦੇ ਵੱਢ ਲਿਆ। ਇਸ ਘਟਨਾ ਨੇ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਲੋਕ ਅਵਾਰਾ ਕੁੱਤਿਆਂ ਤੋਂ ਭਾਰੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਅਨੁਸਾਰ ਇਹ ਘਟਨਾ ਬੀਤੇ ਦਿਨ ਵਾਪਰੀ ਜਦੋਂ ਇੱਕ ਹਲਕਾ ਕੁੱਤਾ ਗਲੀਆਂ ਵਿਚ ਘੁੰਮ ਰਿਹਾ ਸੀ। ਇਸ ਨੇ ਪਹਿਲਾਂ ਇੱਕ ਵਿਅਕਤੀ ਚਰਨਜੀਤ ਸਿੰਘ ਤੇ ਹਮਲਾ ਕੀਤਾ, ਫਿਰ ਉਸ ਨੇ ਦੂਜੇ ਵਿਅਕਤੀ ਤਰਸੇਮ ਲਾਲ ਨੂੰ ਵੱਢਿਆ, ਫਿਰ ਇੱਕ ਔਰਤ ਪਿਆਰ ਕੌਰ ਪਤਨੀ ਆਤਮਾ ਸਿੰਘ ਨੂੰ ਵੱਢ ਲਿਆ। ਇਸੇ ਤਰ੍ਹਾਂ ਹੀ ਇੱਕ ਬੱਚੇ ਗੁਰਜਫਰ ਸਿੰਘ ਨੂੰ ਵੱਢ ਕੇ ਭੱਜ ਗਿਆ।ਇਸ ਤੋਂ ਕੁਝ ਦਿਨ ਪਹਿਲਾਂ ਸਾਬਕਾ ਸਰਪੰਚ ਅਪਾਰ ਸਿੰਘ ਨੂੰ ਵੀ ਕਿਸੇ ਅਵਾਰਾ ਕੁੱਤੇ ਨੇ ਵੱਢ ਲਿਆ ਸੀ। ਬੱਚਿਆਂ ਅਤੇ ਔਰਤਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਡਰ ਵਿਚ ਰਹਿ ਰਹੇ ਹਨ। ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਮੰਗ ਕੀਤੀ ਹੈ ਕਿ ਤੁਰੰਤ ਅਵਾਰਾ ਕੁੱਤਿਆਂ ਨੂੰ ਫੜਨ ਲਈ ਟੀਮ ਭੇਜੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਿਰਫ ਜੁਲਕਾਂ ਤੱਕ ਸੀਮਤ ਨਹੀਂ ਹੈ ਬਲਕਿ ਆਸ-ਪਾਸ ਦੇ ਕਈ ਪਿੰਡਾਂ ਵਿਚ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾਵੇ। ਇਸ ਘਟਨਾ ਨੇ ਇੱਕ ਵਾਰ ਫਿਰ ਇਸ ਗੱਲ ਉਤੇ ਧਿਆਨ ਖਿੱਚਿਆ ਹੈ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਲਾਜ਼ਮੀ ਹੈ। ਪਿੰਡ ਵਾਸੀ ਇਸ ਵੇਲੇ ਆਪਣੇ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਚਿੰਤਤ ਹਨ ਅਤੇ ਤੁਰੰਤ ਹੱਲ ਦੀ ਉਡੀਕ ਕਰ ਰਹੇ ਹਨ।