ਅੰਮ੍ਰਿਤਸਰ : ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਈ ਭਾਰਤ (ਮੇਰਾ ਯੁਵਾ ਭਾਰਤ) ਵੱਲੋਂ ਦੇਸ਼ ਭਰ ਵਿੱਚ 1 ਜੁਲਾਈ ਤੋਂ 15 ਅਗਸਤ, 2026 ਤੱਕ ਤੀਬਰ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ MY Bharat ਪੋਰਟਲ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਭਾਗੀਦਾਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਾਲਜਾਂ, ਯੂਨੀਵਰਸਿਟੀਆਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.), ਸਕੂਲਾਂ, ਐਨ.ਐੱਸ.ਐੱਸ. ਇਕਾਈਆਂ, ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਯੂਥ ਕਲੱਬਾਂ ਅਤੇ ਹੋਰ ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ, ਜਾਗਰੂਕਤਾ ਪ੍ਰੋਗਰਾਮ, ਰੈਲੀਆਂ ਅਤੇ ਜਨ-ਸੰਪਰਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹੁਨਰ ਵਿਕਾਸ ਪ੍ਰੋਗਰਾਮਾਂ, ਸਫਾਈ ਮੁਹਿੰਮਾਂ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਖੂਨਦਾਨ ਕੈਂਪਾਂ, ਸਮਾਜ ਸੇਵਾ ਗਤੀਵਿਧੀਆਂ ਅਤੇ ਹੋਰ ਯੁਵਾ ਕੇਂਦਰਿਤ ਪ੍ਰੋਗਰਾਮਾਂ ਦੌਰਾਨ ਵੀ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕੀਤਾ ਜਾਵੇਗਾ। ਜ਼ਿਲ੍ਹਾ ਯੂਥ ਅਫ਼ਸਰ ਨੇ ਕਿਹਾ ਕਿ MY Bharat ਸਿਰਫ਼ ਇੱਕ ਰਜਿਸਟ੍ਰੇਸ਼ਨ ਪੋਰਟਲ ਨਹੀਂ, ਸਗੋਂ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਸ ਪਲੇਟਫਾਰਮ ਰਾਹੀਂ ਨੌਜਵਾਨਾਂ ਨੂੰ ਸਵੈ-ਸੇਵਾ (ਵਲੰਟੀਅਰਿਜ਼ਮ), ਲੀਡਰਸ਼ਿਪ ਵਿਕਾਸ, ਸ਼ਖਸੀਅਤ ਨਿਰਮਾਣ ਅਤੇ ਵੱਖ-ਵੱਖ ਸਰਕਾਰੀ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੇ ਮੌਕੇ ਪ੍ਰਾਪਤ ਹੋਣਗੇ। ਸ੍ਰੀਮਤੀ ਸੰਦੀਪ ਕੌਰ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਕਾਲਜਾਂ, ਸਕੂਲਾਂ, ਆਈ.ਟੀ.ਆਈ., ਯੂਥ ਕਲੱਬਾਂ, ਸਵੈ-ਸੇਵੀ ਸੰਸਥਾਵਾਂ ਅਤੇ 15 ਤੋਂ 29 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ MY Bharat ਪੋਰਟਲ (www.mybharat.gov.in) 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨੌਜਵਾਨਾਂ ਦੀ ਭਰਪੂਰ ਭਾਗੀਦਾਰੀ ਨਾਲ ਇਹ ਮੁਹਿੰਮ ਸਫਲ ਹੋਵੇਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।