ਪਟਿਆਲਾ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਅਤੇ ਸ਼ਰਧਾ ਪੂਰਵਕ ਮਨਾਉਣ ਲਈ ਚਲਾਈਆਂ ਤਿੰਨ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਭੇਜਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਅਤੇ ਏ.ਡੀ.ਸੀ.(ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇਜਿੰਦਰ ਮਹਿਤਾ ਅਤੇ ਹਰਪਾਲ ਵਿਰਕ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਸਮਾਜ ਦੇ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਅੱਜ 3 ਰਵਾਨਾ ਕੀਤੀਆਂ ਮੋਬਾਈਲ ਡਾਕੂਮੈਂਟਰੀ ਵੈਨਾਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਾਣਗੀਆਂ।
ਮਹਿਤਾ ਤੇ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈਆਂ ਇਨ੍ਹਾਂ ਵੈਨਾਂ ਰਾਹੀਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਅਤੇ ਵਿਸ਼ਵਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੰਦੇਸ਼ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਏਡੀਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਐਲ.ਈ.ਡੀਜ ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪਟਿਆਲਾ ਦੇ ਸਾਰੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਅਤੇ ਪਵਿੱਤਰ ਸਿੱਖਿਆਵਾਂ 'ਤੇ ਆਧਾਰਤ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ।