ਬਠਿੰਡਾ : ਹਲਕਾ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੱਲ ਰਹੀਆਂ ‘ਲੋਕ ਮਿਲਣੀਆਂ’ ਦੇ ਸਿਲਸਿਲੇ ਤਹਿਤ ਫਰੀਦ ਨਗਰ ਵਿਖੇ ਕਰਵਾਈ ਗਈ ਲੋਕ ਮਿਲਣੀ ਨੂੰ ਸ਼ਹਿਰ ਵਾਸੀਆਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ। ਸਖ਼ਤ ਗਰਮੀ ਅਤੇ ਹੁੰਮਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਹਿਰੀਆਂ, ਖ਼ਾਸ ਕਰਕੇ ਮਹਿਲਾਵਾਂ ਦੀ ਭਰਵੀਂ ਸ਼ਮੂਲੀਅਤ ਨੇ ਸਮਾਗਮ ਨੂੰ ਹੁਣ ਤੱਕ ਦੀਆਂ ਲੋਕ ਮਿਲਣੀਆਂ ਵਿੱਚੋਂ ਸਭ ਤੋਂ ਕਾਮਯਾਬ ਸਮਾਗਮਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਆਪਣੀਆਂ ਲੋਕ ਮਿਲਣੀਆਂ ਦੇ ਤਜਰਬੇ ਸਾਂਝੇ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਜਦੋਂ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਇਕੱਠਾਂ ਦੌਰਾਨ ਪੁੱਜਦੇ ਹਨ ਤਾਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤੋਂ ਬਾਗ਼ੋ-ਬਾਗ਼ ਮਾਵਾਂ ਉਨ੍ਹਾਂ ਦਾ ਸਿਰ ਪਲੋਸ ਕੇ 2027 ਵਿੱਚ ਮੁੜ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨ ਦਾ ਆਸ਼ੀਰਵਾਦ ਦਿੰਦੀਆਂ ਹਨ। ਵਿਧਾਇਕ ਸਿੱਧੂ ਨੇ ਕਿਹਾ ਕਿ ਲੋਕ ਮਿਲਣੀਆਂ ਦੌਰਾਨ ਮਿਲ ਰਿਹਾ ਬੇਮਿਸਾਲ ਪਿਆਰ ਅਤੇ ਹੁੰਗਾਰਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨਾਲ ਖੜ੍ਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਾਵਾਂ-ਭੈਣਾਂ, ਨੌਜਵਾਨਾਂ, ਕਿਸਾਨਾਂ ਅਤੇ ਆਮ ਪਰਿਵਾਰਾਂ ਵੱਲੋਂ ਮਿਲ ਰਹੇ ਆਸ਼ੀਰਵਾਦ ਨਾਲ 2027 ਵਿੱਚ ਪੰਜਾਬ ਅੰਦਰ ਮੁੜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੇਗੀ।