ਅੰਮ੍ਰਿਤਸਰ : ਅੰਮ੍ਰਿਤਸਰ ਸੈਂਟਰਲ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਕਾਂਗਰਸ ਛੱਡ ਕੇ ਸੈਂਕੜੇ ਪਰਿਵਾਰ 'ਆਪ' ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕ 'ਆਪ' ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਹੁਣ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਚੁੱਕੇ ਹਨ ਅਤੇ ਵਿਕਾਸ ਦੀ ਰਾਜਨੀਤੀ ਨੂੰ ਚੁਣ ਰਹੇ ਹਨ।
ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਵਿਧਾਇਕ ਨੂੰ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਵਿੱਚ ਬਿਜਲੀ ਦੇ ਕੱਟ, ਨਵੇਂ ਟ੍ਰਾਂਸਫਾਰਮਰ ਦੀ ਲੋੜ, ਪਾਰਕ ਵਿੱਚ ਜਿਮ, ਸੜਕਾਂ ਦੀ ਮੁਰੰਮਤ ਅਤੇ ਸਟ੍ਰੀਟ ਲਾਈਟਾਂ ਦੀ ਘਾਟ ਸ਼ਾਮਲ ਸੀ। ਵਿਧਾਇਕ ਨੇ ਤੁਰੰਤ ਕਾਰਵਾਈ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਅਗਲੇ 2-3 ਦਿਨਾਂ ਵਿੱਚ ਨਵਾਂ ਟ੍ਰਾਂਸਫਾਰਮਰ ਲਗਵਾਉਣਗੇ। ਉਨ੍ਹਾਂ ਜੇਲ੍ਹ ਦੇ ਜੈਮਰਾਂ ਕਾਰਨ ਆ ਰਹੀ ਨੈੱਟਵਰਕ ਦੀ ਸਮੱਸਿਆ ਬਾਰੇ ਵੀ ਡੀ.ਜੀ.ਪੀ. (ਜੇਲ੍ਹ) ਨਾਲ ਗੱਲ ਕਰਕੇ ਇਸ ਦਾ ਹੱਲ ਕੱਢਣ ਦਾ ਵਾਅਦਾ ਕੀਤਾ। ਵਿਧਾਇਕ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ 'ਆਪ' ਪਹਿਲਾਂ ਨਾਲੋਂ ਵੀ ਵੱਧ ਸੀਟਾਂ ਜਿੱਤ ਕੇ ਇਤਿਹਾਸ ਰਚੇਗੀ।