ਕੋਟਕਪੂਰਾ : ਸਥਾਨਕ ਸ਼ਹਿਰ ਦੇ ਇਤਿਹਾਸਕ ਲਾਲਾ ਲਾਜਪਤ ਰਾਏ ਪਾਰਕ ਦਿਨ-ਬ-ਦਿਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ।ਇਸ ਕਾਰਨ ਰੋਜ਼ਾਨਾ ਇੱਥੇ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਸ਼ਹਿਰ ਦੇ ਪਤਵੰਤੇ ਸੱਜਣਾਂ, ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਨੋਜਵਾਨਾ ਵਿੱਚ ਭਾਰੀ ਰੋਸ ਅਤੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਕ ਅੰਦਰ ਅਵਾਰਾ ਕੁੱਤਿਆਂ ਦੀ ਵੀ ਭਰਮਾਰ ਹੈ, ਅਕਸਰ ਹੀ ਅਵਾਰਾ ਕੁੱਤੇ ਬੱਚਿਆਂ ਅਤੇ ਬਜੁਰਗਾ ਨੂੰ ਕੱਟ ਚੁੱਕੇ ਹਨ।ਉਹਨਾਂ ਕਿਹਾ ਕਿ ਅਜਿਹੇ ਮਾਹੌਲ ਕਾਰਨ ਹੁਣ ਪਰਿਵਾਰਾਂ ਸਮੇਤ ਪਾਰਕ ਵਿੱਚ ਆਉਣਾ ਦੁੱੁਭਰ ਹੋ ਗਿਆ ਹੈ ਅਤੇ ਔਰਤਾਂ ਦੀ ਸੁਰੱਖਿਆ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।ਉਹਨਾ ਅੱਗੇ ਦੱਸਿਆ ਕਿ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਰਕੇ ਇੱਥੇ ਸੈਰ ਕਰਨ ਆਉਣ ਵਾਲਿਆਂ ਦੇ ਵਾਹਨ ਵੀ ਅਕਸਰ ਚੋਰੀ ਹੋ ਰਹੇ ਹਨ।ਇਸ ਗੰਭੀਰ ਮਸਲੇ ਨੂੰ ਲੈ ਕੇ ਸੈਰ ਕਰਨ ਆਉਣ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਪੁਲਿਸ ਅਤੇ ਨਗਰ ਕੌਂਸਲ ਕੋਟਕਪੂਰਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਾਰਕ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ, ਨਸ਼ੇੜੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਾਰਕ ਦੀ ਸਾਫ਼-ਸਫ਼ਾਈ ਦੇ ਨਾਲ ਨਾਲ ਪੀਣ ਵਾਲੇ ਸਾਫ ਪਾਣੀ ਦਾ ਵੀ ਤੁਰਤ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਸੈਰ ਕਰ ਸਕਣ।