ਮੋਰਿੰਡਾ : ਬੀਤੇ ਦਿਨੀਂ ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵੱਲੋਂ, ਅੰਤਰ-ਰਾਸ਼ਟਰੀ ਪਿਤਾ ਦਿਵਸ ਨੂੰ ਸਮਰਪਿਤ ਸਮਾਗਮ, ਸਥਾਨਕ ਖਾਲਸਾ ਕਾਲਜ (ਲੜਕੀਆਂ)ਵਿਖੇ ਕਰਵਾਇਆ ਗਿਆ। ਪ੍ਰੈਸ ਨੁੰ ਜਾਣਕਾਰੀ ਦਿੰਦਿਆਂ ਕੌਂਸਲ ਮੈਂਬਰ ਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਪਿਤਾ ਦਿਵਸ ਦੇ ਇਤਿਹਾਸਿਕ ਪਿਛੋਕੜ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਹਾੜਾ ਭਾਰਤ ਸਮੇਤ ਸਾਰੇ ਦੇਸ਼ਾਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੇ ਮਾਪਿਆਂ ਨੂੰ ਉਹਨਾਂ ਦੇ ਪਸੰਦੀਦਾ ਥਾਂ ਤੇ ਘੁੰਮਾਉਣ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ, ਗਰੀਟਿੰਗ ਕਾਰਡ ਭੇਜਣ, ਕੇਕ ਕੱਟਣ ਜਾਂ ਡਿਨਰ ਵਗੈਰਾ ਤੇ ਲਿਜਾ ਕੇ ਪਿਤਾ ਦਿਵਸ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਇਹ ਦਿਹਾੜਾ ਇਸ ਲਈ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਪਿਤਾ ਆਪਣੀ ਤਾਅ ਜ਼ਿੰਦਗੀ ਬੱਚਿਆਂ ਲਈ ਤੰਗੀਆਂ ਤੁਰਸ਼ੀਆਂ ਕੱਟਕੇ ਵੀ ਉਹਨਾਂ ਦੀ ਭਾਵਨਾਤਮਕ , ਨੈਤਿਕ ਅਤੇ ਆਰਥਿਕ ਸਹਾਇਤਾ ਕਰਦਿਆਂ ਇੱਕ ਰੋਲ ਮਾਡਲ ਸਿੱਧ ਹੁੰਦਾ ਹੈ। ਸ਼੍ਰੀ ਚਮਕੌਰ ਸਾਹਿਬ ਵਿਖੇ ਪਿਛਲੇ ਵੀਹ ਸਾਲਾਂ ਤੋਂ ਬੇਸਹਾਰਾ ਬਜ਼ੁਰਗਾਂ ਦੀ ਪਰਵਰਿਸ਼ ਕਰ ਰਹੀ ਨਿਰਸਵਾਰਥ ਸੰਸਥਾ ਦੇ ਸੰਚਾਲਕ ਪ੍ਰੋਫੈਸਰ ਰਮੇਸ਼ ਕੁਮਾਰ ਢੰਡ ਨੇ ਬੱਚਿਆਂ ਅਤੇ ਮਾਪਿਆਂ ਨੂੰ ਆਪਣੀ ਸੰਖੇਪ ਅਤੇ ਪ੍ਰਭਾਵਸ਼ਾਲੀ ਸਲਾਹ ਦਿੰਦਿਆਂ ਕਿਹਾ ਕਿ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਅਤੇ ਜਿਹਾ ਬੀਜੋਗੇ ਤਿਹਾ ਵੱਡੋਗੇ।