ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿੱਚ ਪੈਦਾ ਹੋਏ ਗੰਭੀਰ ਬਿਜਲੀ ਅਤੇ ਸਿੰਚਾਈ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਨਾਕਾਮ ਪ੍ਰਸ਼ਾਸਨ ਨੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਧੱਕ ਦਿੱਤਾ ਹੈ। ਅੱਜ ਪੂਰੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਦੇ ਕਈ-ਕਈ ਘੰਟਿਆਂ ਦੇ ਅਣਐਲਾਨੇ ਕੱਟ ਲਗਾ ਕੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਗਿਆ ਹੈ। ਸਿੱਧੂ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਚੋਣਾਂ ਵੇਲੇ ਕੀਤੇ ਗਏ ਵਾਅਦਿਆਂ ਦੀ ਯਾਦ ਦਿਵਾਉਂਦਿਆਂ ਕਿਹਾ ਝਾੜੂ ਸਰਕਾਰ ਨੇ ਬੜੇ ਹੰਕਾਰ ਨਾਲ ਕਿਸਾਨਾਂ ਨੂੰ ਕਿਹਾ ਸੀ ਕਿ ਹੁਣ ਉਹ ਅਫ਼ਸਰਾਂ ਵਾਂਗ ਸਵੇਰੇ 9 ਵਜੇ ਟਾਈਮ ਨਾਲ ਖੇਤਾਂ ਵਿੱਚ ਜਾਣਗੇ ਅਤੇ ਸ਼ਾਮ ਨੂੰ ਘਰ ਪਰਤਣਗੇ। ਪਰ ਅੱਜ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇਹ ਬਦਲਾਅ ਨਹੀਂ, ਸਗੋਂ ਪੰਜਾਬ ਦੇ ਅੰਨਦਾਤਾ ਨਾਲ ਕੀਤਾ ਗਿਆ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ। ਬਿਜਲੀ ਸਪਲਾਈ ਲਗਾਤਾਰ ਪ੍ਰਭਾਵਿਤ ਹੋਣ ਕਾਰਨ ਇੱਕ ਹਾਈ-ਪਾਵਰ ਟਿਊਬਵੈੱਲ ਜਾਂ ਮੋਟਰ ਚਲਾਉਣ ਲਈ ਰੋਜ਼ਾਨਾ ਕਰੀਬ 60 ਤੋਂ 70 ਲੀਟਰ ਡੀਜ਼ਲ ਦੀ ਖਪਤ ਹੋ ਰਹੀ ਹੈ। ਡੀਜ਼ਲ ਦੀਆਂ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਇੱਕ ਕਿਸਾਨ ਨੂੰ ਹਰ ਰੋਜ਼ ਲਗਭਗ 5,000 ਤੋਂ 7,000 ਰੁਪਏ ਤੱਕ ਦਾ ਵਾਧੂ ਖ਼ਰਚਾ ਆਪਣੀ ਜੇਬ ਵਿੱਚੋਂ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਨਹਿਰੀ ਵਿਭਾਗ ਨੂੰ ਹਦਾਇਤ ਦਿੱਤੀ ਜਾਵੇ ਕਿ ਟੇਲਾਂ ਤੱਕ ਤੁਰੰਤ ਪਾਣੀ ਪਹੁੰਚਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਸਥਿਤੀ ਵਿੱਚ ਸੁਧਾਰ ਨਾ ਆਇਆ ਤਾਂ ਪੰਜਾਬ ਕਾਂਗਰਸ ਸੂਬੇ ਭਰ ਵਿੱਚ ਸੜਕਾਂ 'ਤੇ ਉਤਰੇਗੀ ਅਤੇ ਬਿਜਲੀ ਗਰਿੱਡਾਂ, ਨਹਿਰੀ ਵਿਭਾਗ ਦੇ ਦਫ਼ਤਰਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਦਾ ਘਿਰਾਓ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।