ਮੋਹਾਲੀ, 28 ਜੂਨ (ਮਨਜੀਤ ਕੌਰ) : ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 54, 739 ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 28 ਜੂਨ ਤੋਂ 30 ਜੂਨ ਤਕ ਚੱਲ ਰਹੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਮੁਹਿਮ ਤਹਿਤ ਘਰਾਂ ਤੋਂ ਇਲਾਵਾ ਉਚ-ਜੋਖਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ,ਡੇਰੇ ਆਦਿ ਸਮੇਤ ਸਾਰੀਆਂ ਥਾਵਾਂ ਕਵਰ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹੇ ਦੇ ਸਾਰੇ ਸਿਹਤ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਅੱਜ ਆਪੋ-ਅਪਣੇ ਖੇਤਰ ਵਿਚ ਜਾ ਕੇ ਜਿਥੇ ਮੁਹਿੰਮ ਦੀ ਨਿਗਰਾਨੀ ਕੀਤੀ, ਉਥੇ ਮੁਹਿੰਮ ਦੀ ਸਫ਼ਲਤਾ ਲਈ ਸਿਹਤ ਕਾਮਿਆਂ ਅਤੇ ਲੋਕਾਂ ਨੂੰ ਉਤਸ਼ਾਹਤ ਕੀਤਾ। ਡਾ. ਜੈਨ ਨੇ ਦਸਿਆ ਕਿ ਜ਼ਿਲ੍ਹੇ ਵਿਚ 1,68,876 ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਦਵਾਈ ਪਿਲਾਉਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਡਾਕਟਰ, ਐਲ.ਐਚ.ਵੀ., ਏ.ਐਨ.ਐਮਜ਼, ਹੈਲਥ ਇੰਸਪੈਕਟਰ, ਸਿਹਤ ਵਰਕਰ, ਆਸ਼ਾ ਵਰਕਰ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀ ਆਦਿ ਸ਼ਾਮਲ ਹਨ। ਮਾਪੇ ਅਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਚਾਹੇ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।