ਲੁਧਿਆਣਾ, 28 ਜੂਨ (ਗਗਨਦੀਪ ਸਿੰਘ ਗੁਰਮ): ਵਿਧਾਨ ਸਭਾ ਹਲਕਾ ਗਿੱਲ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਸਾਬਕਾ ਸੰਸਦੀ ਸਕੱਤਰ ਅਤੇ ਦਾਖਾ ਤੇ ਗਿੱਲ ਤੋਂ ਸਾਬਕਾ ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ ਨੇ ਆਪਣੇ ਸਿਆਸੀ ਹਮਾਇਤੀਆਂ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਵਾਲਾ ਨੀਲਾ-ਪੀਲਾ ਝੰਡਾ ਫੜ੍ਹ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਤੁਰਨ ਦਾ ਐਲਾਨ ਕੀਤਾ। ਲੰਮੇ ਸਮੇਂ ਤੋਂ ਸਿਆਸੀ ਤੌਰ ‘ਤੇ ਖਾਮੋਸ਼ ਰਹੇ ਸ਼ਿਵਾਲਿਕ ਦੇ ਇਸ ਫ਼ੈਸਲੇ ਨੂੰ ‘ਵਾਰਿਸ ਪੰਜਾਬ ਦੇ’ ਲਈ ਵੱਡੇ ਹੁਲਾਰੇ ਵਜੋਂ ਵੇਖਿਆ ਜਾ ਰਿਹਾ ਹੈ। ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇ 2 ਦਸੰਬਰ ਦੇ ਹੁਕਮਨਾਮੇ ਨੂੰ ਇਨ-ਬਿਨ ਮੰਨਿਆ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ। ਉਨ੍ਹਾਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਲਈ ਯੋਗ ਅਤੇ ਇਮਾਨਦਾਰ ਵਿਅਕਤੀ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਇਯਾਲੀ ਨੇ ਸ਼੍ਰੋਮਣੀ ਕਮੇਟੀ ਚੋਣਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਇਆ ਤਾਂ ਉਹ ਵਿਧਾਇਕੀ ਤੱਕ ਛੱਡਣ ਲਈ ਤਿਆਰ ਹਨ।