ਖਨੋਰੀ : ਖਨੌਰੀ ਦੇ ਨਾਲ ਲੱਗਦੇ ਨੇੜਲੇ ਹਰਿਆਣਾ ਦੇ ਸੀਆਈਏ ਸਟਾਫ ਨਰਵਾਣਾ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਜੀ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਨਰਵਾਣਾ ਅਤੇ ਦਨੌਦਾ ਖੇਤਰ ਵਿੱਚ ਹੋਈਆਂ 38 ਚੋਰੀਆਂ ਦੀਆਂ ਵਾਰਦਾਤਾਂ ਕਬੂਲ ਕੀਤੀਆਂ ਹਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਹੈ।
ਇਹ ਕਾਰਵਾਈ ਪੁਲਿਸ ਅਧਿਕਾਰੀ ਕੁਲਦੀਪ ਸਿੰਘ (ਆਈ.ਪੀ.ਐੱਸ.) ਦੀ ਰਹਿਨੁਮਾਈ ਅਤੇ ਡੀਐੱਸਪੀ ਨਰਵਾਣਾ ਕਮਲਦੀਪ ਰਾਣਾ ਦੀ ਅਗਵਾਈ ਹੇਠ ਕੀਤੀ ਗਈ।ਖਨੌਰੀ ਦੇ ਦੋ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਨਿਲ ਉਰਫ਼ ਲੀਲਾ ਵਾਸੀ ਢਾਬੀ ਗੁੱਜਰਾਂ (ਮੌਜੂਦਾ ਵਾਸੀ ਖਨੌਰੀ) ਅਤੇ ਬਲਵਾਨ ਉਰਫ਼ ਅੰਨੂ ਵਾਸੀ ਖਨੌਰੀ (ਜ਼ਿਲ੍ਹਾ ਸੰਗਰੂਰ) ਵਜੋਂ ਹੋਈ ਹੈ।
ਗੁਪਤ ਸੂਚਨਾ ਦੇ ਆਧਾਰ 'ਤੇ ਲਗਾਇਆ ਟਰੈਪ
ਸੀਆਈਏ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਨਰਵਾਣਾ ਅਤੇ ਦਨੌਦਾ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਦੇਖਦਿਆਂ ਵਿਸ਼ੇਸ਼ ਟੀਮ ਬਣਾਈ ਗਈ ਸੀ। 24 ਜੂਨ ਨੂੰ ਏਐੱਸਆਈ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਖਨੌਰੀ ਸਰਹੱਦ ਨੇੜੇ ਦਾਤਾ ਸਿੰਘ ਵਾਲਾ ਪਿੰਡ ਕੋਲ ਨਾਕਾਬੰਦੀ ਕੀਤੀ। ਮੁਖ਼ਬਰੀ ਮਿਲੀ ਸੀ ਕਿ ਦੋਵੇਂ ਮੁਲਜ਼ਮ ਚੋਰੀ ਦੀ ਨੀਅਤ ਨਾਲ ਉੱਥੇ ਆ ਰਹੇ ਹਨ। ਟੀਮ ਨੇ ਦੋਵਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।ਪੁੱਛਗਿੱਛ ਦੌਰਾਨ 38 ਚੋਰੀਆਂ ਦਾ ਖੁਲਾਸਾ ਹੋਇਆ ਹੈ ਸ਼ੁਰੂਆਤੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਨਰਵਾਣਾ ਦੀ ਇੱਕ ਬੈਟਰੀ ਦੀ ਦੁਕਾਨ ਤੋਂ 40 ਹਜ਼ਾਰ ਰੁਪਏ ਚੋਰੀ ਕਰਨ ਦੀ ਗੱਲ ਮੰਨੀ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੇ ਨਰਵਾਣਾ ਅਤੇ ਦਨੌਦਾ ਖੇਤਰ ਵਿੱਚ ਕੁੱਲ 38 ਚੋਰੀਆਂ ਕਰਨ ਦੀ ਕਬੂਲੀ ਦਿੱਤੀ। ਖਨੌਰੀ ਰੋਡ ਸਥਿਤ ਬੈਟਰੀ ਦੀ ਦੁਕਾਨ ਦਾ ਤਾਲਾ ਤੋੜ ਕੇ 40 ਹਜ਼ਾਰ ਰੁਪਏ ਚੋਰੀ।ਦਨੌਦਾ–ਭੀਖੇਵਾਲਾ ਰੋਡ ਤੋਂ ਬੈਟਰੀ ਅਤੇ ਇਨਵਰਟਰ ਦੀ ਚੋਰੀ। ਦਨੌਦਾ–ਦੁਰਜਨਪੁਰ ਰੋਡ ਅਤੇ ਲਿਤਾਨੀ ਨੇੜੇ 17 ਖੇਤਾਂ ਵਿੱਚੋਂ ਸਬਮਰਸਿਬਲ ਮੋਟਰਾਂ ਦੀਆਂ ਕੇਬਲਾਂ ਚੋਰੀ।
ਬਡਨਪੁਰ ਪਿੰਡ ਦੇ 18-19 ਖੇਤਾਂ ਵਿੱਚੋਂ ਸਬਮਰਸਿਬਲ ਮੋਟਰਾਂ ਦੀਆਂ ਕੇਬਲਾਂ ਚੋਰੀ। ਨਰਵਾਣਾ–ਕਲਾਇਤ ਰੋਡ 'ਤੇ ਐਚਪੀ ਪੈਟਰੋਲ ਪੰਪ ਨੇੜੇ ਹਥੋ ਪਿੰਡ ਦੇ ਖੇਤਾਂ ਵਿੱਚੋਂ ਮੋਟਰ ਦੀ ਕੇਬਲ ਚੋਰੀ।
ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਹੋਰ ਚੋਰੀਆਂ ਦੇ ਮਾਮਲਿਆਂ ਦਾ ਵੀ ਖੁਲਾਸਾ ਹੋ ਸਕਦਾ ਹੈ।