ਕੋਟਕਪੂਰਾ : ਅੱਜ ਸਥਾਨਕ ਅਗਰਵਾਲ ਭਵਨ ਵਿਖੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਖਰਤਾ ਮੁਹਿੰਮ ਦੇ ਜਰਨੈਲ, ਨਾਮਵਰ ਸਮਾਜ ਸੇਵੀ ਅਤੇ ਇਲਾਕੇ ਦੀ ਰਾਜਨੀਤਿਕ ਅਤੇ ਵਪਾਰਿਕ ਖੇਤਰ ਦੀ ਪ੍ਰਮੁੱਖ ਸ਼ਖਸ਼ੀਅਤ ਕ੍ਰਿਸ਼ਨ ਸਿੰਗਲਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਕਰਕੇ ਯਾਦ ਕੀਤਾ ਗਿਆ। ਕ੍ਰਿਸ਼ਨ ਸਿੰਗਲਾ ਵੱਲੋਂ ਸਾਖਰਤਾ ਲਹਿਰ ਅਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੇਰੀ ਨਿੱਜੀ ਜ਼ਿੰਦਗੀ ਵਿੱਚ ਕ੍ਰਿਸ਼ਨ ਸਿੰਗਲਾ ਜੀ ਦੀ ਸਖਸ਼ੀਅਤ ਦਾ ਬਹੁਤ ਵੱਡਾ ਪ੍ਰਭਾਵ ਹੈ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਿੰਗਲਾ ਜੀ ਦੀ ਯਾਦ ਨੂੰ ਚਿਰ ਸਦੀਵੀ ਬਣਾਉਣ ਲਈ ਜਲਦੀ ਹੀ ਕੋਟਕਪੂਰਾ ਸ਼ਹਿਰ ਵਿਖੇ ਥਾਂ ਦੀ ਭਾਲ ਕਰਕੇ ਲਾਇਬਰੇਰੀ ਦੀ ਸਥਾਪਨਾ ਕੀਤੀ ਜਾਵੇਗੀ। ਨਜ਼ਦੀਕੀ ਰਿਸ਼ਤੇਦਾਰ ਕਰਨਲ ਅਮਨਦੀਪ ਸਿੰਗਲਾ ਅਤੇ ਬੇਟੇ ਐਡਵੋਕੇਟ ਅਨੂਪ ਸਿੰਗਲਾ ਨੇ ਕਿਹਾ ਕਿ ਕ੍ਰਿਸ਼ਨ ਸਿੰਗਲਾ ਜੀ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸੈੱਟ ਕਰਨ ਦੇ ਨਾਲ ਨਾਲ ਸਮਾਜ ਸੇਵਾ ਕਰਨ ਨੂੰ ਆਪਣੀਆਂ ਤਰਜੀਹਾਂ ਵਿੱਚ ਸ਼ਾਮਿਲ ਕੀਤਾ । ਉਹਨਾਂ ਸ਼ਰਧਾਂਜਲੀ ਸਮਾਗਮ ਦੇ ਸਮੂਹ ਪ੍ਰਬੰਧਕਾਂ ਅਤੇ ਸਮਾਗਮ ਵਿੱਚ ਸ਼ਾਮਲ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸਿੰਗਲਾ ਜੀ ਦੇ ਕਰੀਬੀ ਸਾਥੀ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਵੱਲੋਂ ਬਾਖੂਬੀ ਨਿਭਾਇਆ ਗਿਆ।