ਪਾਤੜਾਂ : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਪੰਚਾਂ ਨੂੰ ਦਸ ਹਜ਼ਾਰ ਰੁਪੈ ਪ੍ਰਤੀ ਮਹੀਨਾ ਮਾਨ ਭੱਤਾ ਦੇਣ ਦੇ ਕੀਤੇ ਗਏ ਐਲਾਨ ਨੂੰ ਲੈ ਕੇ ਪਿੰਡਾਂ ਦੇ ਸਰਪੰਚਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸਦੇ ਚੱਲਦਿਆਂ ਬਲਾਕ ਪਾਤੜਾਂ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਦੋਂ ਕਿ ਸਰਪੰਚਾਂ ਨੇ ਮਠਿਆਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਨਮਾਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸਰਪੰਚਾਂ ਦੇ ਮਾਣ ਭੱਤੇ ਵਿੱਚ ਪੰਜ ਗੁਣਾ ਵਾਧਾ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸ ਰਚਿਆ ਹੈ ਇਸ ਤੋਂ ਪਹਿਲਾਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵੱਲੋਂ ਸਰਪੰਚਾਂ ਨੂੰ ਮਹਿਜ ਬਾਰਾਂ ਸੋ ਰੂਪੈ ਦਾ ਮਾਣ ਭੱਤਾ ਦੇ ਕੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਹੋਰ ਪੰਚਾਇਤੀ ਕੰਮਾਂ ਲਈ ਆਉਣ ਜਾਣ ਕਰਕੇ ਵੱਡੇ ਪੱਧਰ ਉੱਤੇ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕਿਸੇ ਵੀ ਸਰਕਾਰ ਨੇ ਕਦੇ ਉਹਨਾਂ ਦੀ ਬਾਂਹ ਨਹੀਂ ਫੜੀ। ਜਿਨਾਂ ਪੰਚਾਇਤਾਂ ਕੋਲ ਪੰਚਾਇਤੀ ਜਮੀਨ ਹੈ ਉਹ ਸਰਪੰਚ ਤਾਂ ਪੰਚਾਇਤਾਂ ਦੇ ਖਰਚੇ ਚਲਾਉਣ ਦੇ ਸਮਰੱਥ ਹੁੰਦੇ ਸਨ ਪਰ ਜਿਨਾਂ ਪੰਚਾਇਤਾਂ ਕੋਲ ਕੋਈ ਜ਼ਮਨ ਨਹੀਂ ਉਹਨਾਂ ਦੇ ਸਰਪੰਚ ਵਾਧੂ ਆਰਥਿਕ ਬੋਝ ਝੱਲਣ ਲਈ ਮਜਬੂਰ ਹੁੰਦੇ ਸਨ। ਇਸ ਦੌਰਾਨ ਹਾਜ਼ਰ ਸਰਪੰਚਾਂ ਨੇ ਮਾਣ ਭੱਤਾ ਦੇਣ ਦੇ ਚੁੱਕੇ ਗਏ ਕਦਮ ਲਈ ਸਰਕਾਰ ਦਾ ਧੰਨਵਾਦ ਕੀਤਾ।