ਅੰਮ੍ਰਿਤਸਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ) ਸਬੰਧੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ 25 ਜੂਨ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਜ਼ਿਲ੍ਹੇ ਦੇ 2134 ਬੀ.ਐੱਲ.ਓਜ਼ (ਬੂਥ ਲੈਵਲ ਅਫ਼ਸਰ) ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਦੇਣਗੇ ਅਤੇ ਉਨ੍ਹਾਂ ਨੂੰ ਭਰਵਾਉਣਗੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਐੱਸ.ਆਈ.ਆਰ. ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਲਈ 11 ਈ.ਆਰ.ਓਜ਼., 22 ਏ.ਈ.ਆਰ.ਓਜ਼., 110 ਐਡੀਸ਼ਨਲ ਏ.ਈ.ਆਰ.ਓਜ਼., 213 ਸੈਕਟਰ ਅਫ਼ਸਰ ਅਤੇ 2134 ਬੂਥ ਲੈਵਲ ਅਫ਼ਸਰ (ਬੀ.ਐੱਲ.ਓਜ਼.) ਲਗਾਏ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸਨ ਦਾ ਕੰਮ 24 ਜੁਲਾਈ 2026 ਤੱਕ ਕੀਤਾ ਜਾਵੇਗਾ ਜਦਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03-08-2026 ਤੋਂ 02-09-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ 28-09-2026 ਤੱਕ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ। ਜਿਲ੍ਹਾ ਚੋਣ ਅਫਸਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਚਾਲੂ ਕੀਤੇ ਗਏ ਫੀਚਰ ਬੁੱਕ ਏ ਕਾਲ ਵਿਦ ਬੀ.ਐਲ.ਓ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.voters.eci.gov.in ਜਾਂ ECI NET ਮੋਬਾਇਲ ਐਪ ਰਾਹੀਂ ਇਸ ਫੀਚਰ ਤੇ ਕਲਿੱਕ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਨਾਲ ਸਬੰਧਤ ਬੀ.ਐਲ.ਓ ਨਾਲ ਫੋਨ ਉਪਰ ਰਾਬਤਾ ਕਰਕੇ ਵੋਟਰ ਸੂਚੀ/ਐਸ.ਆਈ.ਆਰ ਦੇ ਸਬੰਧ ਵਿੱਚ ਆਪਣੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਸਬੰਧੀ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ ਬੀ.ਐਲ.ਓ. ਦੇ ਘਰ-ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਜਿਲ੍ਹਾ ਚੋਣ ਅਫਸਰ ਵੱਲੋ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਕੁੱਲ 5251 ਬੀ.ਐਲ.ਏਜ਼ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਆਮ ਆਦਮੀ ਦੇ 2094, ਕਾਂਗਰਸ ਦੇ 1887, ਸ਼੍ਰੋਮਣੀ ਅਕਾਲੀ ਦਲ ਦੇ 814, ਭਾਰਤੀ ਜਨਤਾ ਪਾਰਟੀ ਦੇ 390, ਬਹੁਜਨ ਸਮਾਜ ਪਾਰਟੀ ਦੇ 66 ਬੀ.ਐਲ.ਏਜ਼ ਨਿਯੁੱਕਤ ਹਨ।