ਨਵਾਂਸ਼ਹਿਰ : ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਧਾਰਮਿਕ ਅਤੇ ਸਮਾਜ ਸੇਵਾ ਦੇ ਅਲੱਗ ਅਲੱਗ ਖੇਤਰਾਂ ਵਿਚ ਜਿੱਥੇ ਸਰਬੱਤ ਦੇ ਭਲੇ ਲਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ, ਉੱਥੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵੀ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਨਾਂ ਅੰਦਰ ਪੜ ਲਿੱਖ ਕੇ ਉਚ ਅਹੁੱਦਿਆਂ ਤੇ ਪਹੁੰਚਣ ਦੀ ਭਾਵਨਾ ਨੂੰ ਪ੍ਰਬਲ ਕਰਨ ਹਿਤ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਵਿਚ ਆਏ ਵਿਦਿਆਰਥੀਆਂ ਅਤੇ ਨੈਸ਼ਨਲ ਪੱਧਰ ਤੇ ਖੇਡ ਕੇ ਆਏ ਸਕੂਲੀ ਖਿਡਾਰੀਆਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਰੋਹ ਕੀਤਾ ਜਾ ਰਿਹਾ ਹੈ। ਇਸ ਸਨਮਾਨ ਸਮਾਰੋਹ ਵਿਚ ਸ੍ਰੀ ਗੁਲਪ੍ਰੀਤ ਸਿੰਘ ਔਲਖ ਆਈ ਏ ਐੱਸ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਬੱਚਿਆਂ ਨੂੰ ਸਨਮਾਨਿਤ ਕਰਨਗੇ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀ ਤਰਸੇਮ ਲਾਲ ਖੇਪੜ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਡਾ: ਨਛੱਤਰ ਪਾਲ ਵਿਧਾਇਕ ਅਤੇ ਸ਼੍ਰੀਮਤੀ ਅਨੀਤਾ ਸ਼ਰਮਾ ਜਿਲ੍ਹਾ ਸਿਖਿਆ ਅਫਸਰ ਇਸ ਸਨਮਾਨ ਸਮਾਰੋਹ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਉਨਾਂ ਦੱਸਿਆ ਕਿ ਮੈਰਿਟ ਵਿਚ ਆਏ ਬੱਚਿਆਂ ਨੂੰ ਸਨਮਾਨਿਤ ਕਰਨ ਲਈ *ਵਿਸ਼ੇਸ਼ ਸਨਮਾਨ ਸਮਾਰੋਹ 24 ਜੂਨ ਦਿਨ ਬੁੱਧਵਾਰ ਨੂੰ ਪੈਰਿਸ ਹੋਟਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ* ਜਿਸ ਵਿਚ ਜਿਲੇ ਭਰ ਵਿਚੋਂ ਉਤਕ੍ਰਿਸ਼ਟ ਸਕੂਲੀ ਬੱਚੇ ਅਤੇ ਨੈਸ਼ਨਲ ਪੱਧਰ ਦੇ ਹੋਣਹਾਰ ਖਿਡਾਰੀ ਸ਼ਾਮਲ ਹੋਣਗੇ। ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਬੱਚਿਆਂ ਦਾ ਮਾਰਗਦਰਸ਼ਨ ਕਰਨ ਲਈ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।