ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਯੂਰੀਆ ਖਾਦ ਨਾ ਮਿਲਣ ਸਬੰਧੀ ਇਕੱਤਰਤਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਮੇਹਰ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ ਅਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਖੇੜੀ ਨੇ ਦੱਸਿਆ ਕਿ ਬਿਨਾਂ ਖਾਦ ਤੋਂ ਝੋਨੇ ਦੀ ਫਸਲ ਸੁੱਕ ਰਹੀ ਹੈ ਅਤੇ ਯੂਰੀਆ ਨਾ ਮਿਲਣ ਕਾਰਨ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਅਤੇ ਇਫਕੋ ਵਰਗੇ ਵੱਡੇ ਸਰਕਾਰੀ ਅਦਾਰੇ ਸਹਿਕਾਰੀ ਸਭਾਵਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਭੇਜ ਰਹੇ। ਜਿਸ ਕਾਰਨ ਛੋਟੇ ਕਿਸਾਨ, ਜੋ ਪੂਰੀ ਤਰ੍ਹਾਂ ਸਹਿਕਾਰੀ ਸਭਾਵਾਂ ਤੇ ਨਿਰਭਰ ਹਨ, ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪ੍ਰਾਈਵੇਟ ਡੀਲਰਾਂ ਕੋਲ ਯੂਰੀਏ ਦੀ ਕੋਈ ਕਮੀ ਨਹੀਂ ਹੈ। ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਸਹਿਕਾਰੀ ਸਭਾਵਾਂ ਵਿੱਚ ਯੂਰੀਏ ਦੀ ਸਪਲਾਈ ਯਕੀਨੀ ਬਣਾਈ ਜਾਵੇ।