ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਨਿਵੇਕਲੀ ਪਹਿਲਕਦਮੀ ਤਹਿਤ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਕੰਮਕਾਜ ਅਤੇ ਜਨਤਕ ਨੀਤੀਆਂ ਦਾ ਅਸਲੀ ਤਜਰਬਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ ਦੋ ਮਹੀਨਿਆਂ ਦੇ ‘ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ’ ਤਹਿਤ ਚੁਣੇ ਗਏ ਉਮੀਦਵਾਰਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿੱਧੀ ਗੱਲਬਾਤ ਕੀਤੀ। ਇਸ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਨੌਜਵਾਨ ਇੰਟਰਨਜ਼ ਨਾਲ ਜਾਣ-ਪਛਾਣ ਕਰਦਿਆਂ ਸਰਕਾਰੀ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ 400 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 50 ਇੰਟਰਨਜ਼ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਉਮੀਦਵਾਰਾਂ ਦੇ ਵਿਦਿਅਕ ਪਿਛੋਕੜ ਅਤੇ ਰੁਚੀਆਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਯਕੀਨੀ ਬਣਾਉਣ ਲਈ ਹਰੇਕ ਉਮੀਦਵਾਰ ਨੂੰ ਉਸਦੀ ਵਿਦਿਅਕ ਯੋਗਤਾ ਅਤੇ ਨਿੱਜੀ ਰੁਚੀ ਦੇ ਆਧਾਰ ’ਤੇ ਵੱਖ-ਵੱਖ ਸਰਕਾਰੀ ਵਿਭਾਗ ਅਲਾਟ ਕੀਤੇ। ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਸਿਵਲ ਸਰਜਨ ਦਫ਼ਤਰ ਤੋਂ ਡੀ.ਐਮ.ਸੀ. ਡਾ. ਜਸਵਿੰਦਰ ਸਿੰਘ, ਰੈੱਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਹਰਕ੍ਰਿਸ਼ਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਫ਼ਤਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।