ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਲੇਖਕ ਡਾ. ਪਰਮਜੀਤ ਸਿੰਘ ਮਾਨਸਾ ਦੀ ਲਿਖੀ ਪੁਸਤਕ “ਮਨੁੱਖੀ ਹੱਕਾਂ ਦਾ ਰਾਖਾ: ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ - ਜੀਵਨ, ਸੋਚ, ਸੰਘਰਸ਼ ਤੇ ਸ਼ਹਾਦਤ” ਨੂੰ ਰਿਲੀਜ਼ ਕੀਤਾ ਗਿਆ। ਇਹ ਪੁਸਤਕ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਮਾਗਮ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੀ ਸੋਚ, ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਅਤੇ ਸ਼ਹਾਦਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਰੱਖਿਆ ਲਈ ਅਹਿਮ ਭੂਮਿਕਾ ਨਿਭਾਈ ਅਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਡਾ. ਪਰਮਜੀਤ ਸਿੰਘ ਮਾਨਸਾ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਭਾਈ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ। ਸਮਾਗਮ ਵਿੱਚ ਹਾਜ਼ਰ ਸ਼ਖ਼ਸੀਅਤਾਂ ਨੇ ਵੀ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸੱਚ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਰਿਹਾ। ਇਸ ਮੌਕੇ ਹਰਭਜਨ ਸਿੰਘ ਪ੍ਰਭਜੀਤ ਸਿੰਘ, ਹਰਨੀਤ ਸਿੰਘ, ਅਤੇ ਭਾਈ ਰਾਜਨਦੀਪ ਸਿੰਘ ਤੇ ਟਕਸਾਲ ਦੇ ਹੋਰ ਸਿੰਘ ਹਾਜ਼ਰ ਸੰਗਤਾਂ ਵੀ ਮੌਜੂਦ ਸਨ। ਸਮਾਗਮ ਦੌਰਾਨ ਕਿਤਾਬ ਦੇ ਮਹੱਤਵ ਅਤੇ ਭਾਈ ਖਾਲੜਾ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।