ਦੇਵੀਗੜ੍ਹ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੋਠਲੀ ਪੰਜਾਬ ਸਰਕਾਰ ਵੱਲੋਂ ਹਲਕਾ ਸਨੌਰ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਹਮੇਸ਼ਾ ਲਈ ਨਿਜਾਤ ਦਿਵਾਉਣ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਟਾਂਗਰੀ ਖੇਤਰ ਦੇ ਤਕਰੀਬਨ 30 ਤੋਂ 40 ਪਿੰਡਾਂ ਨੂੰ ਹੜ੍ਹ ਦੇ ਖ਼ਤਰੇ ਤੋਂ ਸੁਰੱਖਿਅਤ ਕਰਨ ਲਈ ਅਦਾਲਤੀ ਵਾਲਾ ਚੋਏ ਦੀ ਸਰਕਾਰੀ ਤੌਰ 'ਤੇ ਨਿਸ਼ਾਨਦੇਹੀ ਕਰਵਾ ਕੇ ਇਸ ਦੀ ਜਲਦੀ ਹੀ ਪੁਟਾਈ ਕਰਵਾਈ ਜਾਵੇਗੀ। ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਅਦਾਲਤੀ ਵਾਲਾ ਚੋਏ ਦੀ ਪੁਟਾਈ ਦੇ ਨਾਲ-ਨਾਲ ਟਾਂਗਰੀ ਨਦੀ ਦੀ ਖੁਦਾਈ ਕਰਕੇ ਇਸ ਨੂੰ ਹੋਰ ਡੂੰਘਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਦੀ ਵਿੱਚ ਜਮ੍ਹਾਂ ਹੋਈ ਵਾਧੂ ਮਿੱਟੀ ਅਤੇ ਗਾਰ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਡੀਸਲਟਿੰਗ ਦੇ ਪ੍ਰੋਜੈਕਟ ਪਾਸ ਕਰਵਾਏ ਜਾਣਗੇ। ਇਸ ਵਿਸ਼ੇਸ਼ ਕਦਮ ਦਾ ਮੁੱਖ ਮਕਸਦ ਇਹ ਹੈ ਕਿ ਆਉਣ ਵਾਲੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਵਹਾਅ ਬਿਲਕੁਲ ਸਹੀ ਰਹੇ ਅਤੇ ਹੜ੍ਹ ਦਾ ਪਾਣੀ ਖੇਤਾਂ ਅਤੇ ਲੋਕਾਂ ਦੇ ਘਰਾਂ ਵਿੱਚ ਨਾ ਵੜੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਨਿਸ਼ਾਨਾ ਇਲਾਕਾ ਨਿਵਾਸੀਆਂ ਦੇ ਜਾਨ-ਮਾਲ ਦੀ ਰਾਖੀ ਕਰਨਾ ਹੈ, ਤਾਂ ਜੋ ਲੋਕਾਂ ਨੂੰ ਪਹਿਲਾਂ ਵਾਂਗ ਹੜ੍ਹਾਂ ਕਾਰਨ ਭਾਰੀ ਆਰਥਿਕ ਅਤੇ ਮਾਨਸਿਕ ਨੁਕਸਾਨ ਨਾ ਝੱਲਣਾ ਪਵੇ। ਸ. ਹਡਾਣਾ ਨੇ ਪਿਛਲੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹਲਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਟਾਂਗਰੀ ਨਦੀ ਦੇ ਬੰਨ੍ਹਾਂ ਨੂੰ ਤਕਰੀਬਨ 16 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਪੱਕਾ ਅਤੇ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਲਾਰੇ ਨਹੀਂ ਲਗਾਏ ਜਾਣਗੇ, ਬਲਕਿ ਹੁਣ ਅੱਗੇ ਵੀ ਸਾਫ਼ ਨੀਅਤ, ਦੂਰਅੰਦੇਸ਼ੀ ਅਤੇ ਇਮਾਨਦਾਰੀ ਨਾਲ ਹਲਕੇ ਦੇ ਹਰ ਮਸਲੇ ਦਾ ਜ਼ਮੀਨੀ ਪੱਧਰ 'ਤੇ ਪੱਕਾ ਹੱਲ ਕੀਤਾ ਜਾਵੇਗਾ।