ਅੰਮ੍ਰਿਤਸਰ : ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ (ਐੱਮਸੀਏ) ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਸਫ਼ਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਸਰੋਤ ਪੱਧਰ ’ਤੇ ਕੂੜੇ ਦੀ ਛਾਂਟ, ਸਮੇਂ ਸਿਰ ਕੂੜਾ ਇਕੱਠਾ ਕਰਨਾ ਅਤੇ ਸਾਫ਼-ਸੁਥਰਾ ਤੇ ਸਿਹਤਮੰਦ ਸ਼ਹਿਰੀ ਵਾਤਾਵਰਣ ਬਣਾਉਣਾ ਹੈ। ਕਮਿਸ਼ਨਰ ਨਗਰ ਨਿਗਮ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦਾ ਕੂੜਾ ਸਿਰਫ਼ ਰੋਜ਼ਾਨਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਾਲੇ ਅਧਿਕਾਰਤ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਦੇਣ ਅਤੇ ਖੁੱਲ੍ਹੀਆਂ ਥਾਵਾਂ, ਖਾਲੀ ਪਲਾਟਾਂ, ਸੜਕਾਂ ਦੇ ਕਿਨਾਰਿਆਂ ਜਾਂ ਜਨਤਕ ਸਥਾਨਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰਤ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਰਾਹੀਂ ਕੂੜੇ ਦਾ ਸਹੀ ਨਿਪਟਾਰਾ ਕਰਨਾ ਸਾਫ਼ ਅਤੇ ਟਿਕਾਊ ਅੰਮ੍ਰਿਤਸਰ ਦੇ ਟੀਚੇ ਨੂੰ ਹਾਸਲ ਕਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਵਿੱਚ ਹੀ ਵੱਖ-ਵੱਖ ਕਰਨ ਦੀ ਅਪੀਲ ਵੀ ਕੀਤੀ, ਤਾਂ ਜੋ ਕੂੜੇ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇ ਅਤੇ ਸ਼ਹਿਰ ਦੀ ਸਮੁੱਚੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸੋਸ਼ਲ ਮੀਡੀਆ, ਜਨਤਕ ਘੋਸ਼ਣਾਵਾਂ ਅਤੇ ਜਾਣਕਾਰੀ ਸਮੱਗਰੀ ਰਾਹੀਂ ਨਿਯਮਿਤ ਕੂੜਾ ਇਕੱਠਾ ਕਰਨ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਨਾਲ ਸਾਫ਼-ਸੁਥਰੇ ਮੁਹੱਲੇ, ਸਿਹਤ ਸੰਬੰਧੀ ਖਤਰਿਆਂ ਵਿੱਚ ਕਮੀ, ਬਿਹਤਰ ਸਫ਼ਾਈ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹ ਮਿਲੇਗਾ। ਨਗਰ ਨਿਗਮ ਅੰਮ੍ਰਿਤਸਰ ਨੇ ਸਮੂਹ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਕੂੜਾ ਸਿਰਫ਼ ਅਧਿਕਾਰਤ ਇਕੱਠਾ ਕਰਨ ਵਾਲੀਆਂ ਟੀਮਾਂ ਨੂੰ ਹੀ ਸੌਂਪਣ ਅਤੇ ਘਰਾਂ ਜਾਂ ਵਪਾਰਕ ਅਦਾਰਿਆਂ ਦੇ ਬਾਹਰ ਕੂੜਾ ਨਾ ਛੱਡਣ। ਜੇਕਰ ਕਿਸੇ ਇਲਾਕੇ ਵਿੱਚ ਨਿਰਧਾਰਤ ਸਮੇਂ ਅਨੁਸਾਰ ਕੂੜਾ ਇਕੱਠਾ ਕਰਨ ਵਾਲੀ ਗੱਡੀ ਨਹੀਂ ਪਹੁੰਚਦੀ, ਤਾਂ ਨਾਗਰਿਕ ਤੁਰੰਤ ਹੈਲਪਲਾਈਨ ਨੰਬਰ 1800-235-850, ਵਟਸਐਪ ਨੰਬਰ 7347031175 ਜਾਂ ਐੱਮ ਸੇਵਾ ਪੰਜਾਬ ਐਪ ਰਾਹੀਂ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਫ਼ਾਈ ਬਰਕਰਾਰ ਰੱਖਣ ਅਤੇ ਰਾਸ਼ਟਰੀ ਸਫ਼ਾਈ ਮੁਹਿੰਮਾਂ ਦੇ ਉੱਚ ਮਾਪਦੰਡਾਂ ਨੂੰ ਹਾਸਲ ਕਰਨ ਲਈ ਜਨ-ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਜ਼ਿੰਮੇਵਾਰ ਕੂੜਾ ਨਿਪਟਾਰੇ ਦੀਆਂ ਆਦਤਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ “ਸਾਫ਼ ਅੰਮ੍ਰਿਤਸਰ, ਸੁੰਦਰ ਅੰਮ੍ਰਿਤਸਰ” ਨਗਰ ਨਿਗਮ ਦਾ ਸੰਕਲਪ ਹੈ ਅਤੇ ਸ਼ਹਿਰ ਨੂੰ ਸਾਫ਼, ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਵਿੱਚ ਹਰ ਨਾਗਰਿਕ ਦੀ ਅਹਿਮ ਭੂਮਿਕਾ ਹੈ।