ਦੇਵੀਗਡ਼੍ਹ : ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਨਵੇਂ ਬਣੇ ਘਰ ਦੀ ਖੁਸ਼ੀ ਵਿੱਚ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਅਨਾਜ ਮੰਡੀ ਘਡ਼ਾਮ ਵਿਖੇ ਰਾਗੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਿਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਜਿੱਥੇ ਹਲਕੇ ਤੋਂ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਾਜਰੀ ਲਵਾਈ, ਉੱਥੇ ਹੀ ਸੰਤ ਸਮਾਜ, ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਨ੍ਹਾਂ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਨਵੇਂ ਬਣੇ ਘਰ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਹਲਕਾ ਨਿਵਾਸੀਆਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦਾ ਨਵੀਨੀਕਰਣ ਕਰਵਾਇਆ ਹੈ, ਜਿਸ ਦੀ ਖੁਸ਼ੀ ਵਿੱਚ ਇਹ ਧਾਰਮਿਕ ਸਮਾਗਮ ਕੁਝ ਮਹੀਨੇ ਪਹਿਲਾਂ ਕਰਵਾਉਣਾ ਸੀ ਪਰ ਆਮ ਆਦਮੀ ਪਾਰਟੀ ਦੇ ਨਾਲ ਵਾਦ ਵਿਵਾਦ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਬਾਹਰ ਰਹਿਣਾ ਪਿਆ, ਜਿਸ ਕਰਕੇ ਇਹ ਖੁਸ਼ੀ ਦਾ ਸਮਾਗਮ ਕੁਝ ਮਹੀਨੇ ਲੇਟ ਹੋ ਗਿਆ ਸੀ, ਪਰ ਹੁਣ ਇਹ ਸਮਾਗਮ ਰੱਖਿਆ ਗਿਆ ਸੀ। ਇਸ ਮੌਕੇ ਵਿਧਾਇਕ ਪਠਾਣਮਾਜਰਾ ਅਤੇ ਉਹਨਾਂ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਆਈਆਂ ਸੰਗਤਾਂ ਅਤੇ ਸੰਤ ਸਮਾਜ ਦਾ ਪਹੁੰਚਣ ਤੇ ਕੋਟਿ ਕੋਟਿ ਧੰਨਵਾਦ ਕੀਤਾ।