ਸਮਾਣਾ : ਰਾਜਿੰਦਰਾ ਮਹਾਰਾਣੀ ਕਲੱਬ, ਪਟਿਆਲਾ ਵਿਖੇ ਪੰਜਾਬ ਦੇ ਇੱਟ ਭੱਠਾ ਉਦਯੋਗ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਆਗੂਆਂ ਅਤੇ ਭੱਠਾ ਮਾਲਕਾਂ ਦੀ ਇੱਕ ਅਹਿਮ ਤੇ ਵਿਸ਼ੇਸ਼ ਮੀਟਿੰਗ ਹੋਈ। ਜ਼ਿਲ੍ਹਾ ਪਟਿਆਲਾ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਹਰਸ਼ ਗੁਪਤਾ ਅਤੇ ਜਨਰਲ ਸਕੱਤਰ ਸ਼੍ਰੀ ਅਨੂਪ ਸਿੰਗਲਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਦਯੋਗ ਨੂੰ ਦਰਪੇਸ਼ ਗੰਭੀਰ ਆਰਥਿਕ ਚੁਣੌਤੀਆਂ ਅਤੇ ਲਗਾਤਾਰ ਹੋ ਰਹੇ ਨੁਕਸਾਨ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਟਾਂ ਉੱਤੇ GST ਦੀ ਦਰ 6% ਤੋਂ ਵਧਾ ਕੇ 12% ਅਤੇ ਕੋਇਲੇ ਉੱਤੇ 5% ਤੋਂ ਵਧਾ ਕੇ ਸਿੱਧੀ 18% ਕਰ ਦਿੱਤੀ ਗਈ ਹੈ। ਮਿੱਟੀ ਸਮੇਤ ਹੋਰ ਕੱਚੇ ਮਾਲ ਦੀਆਂ ਕੀਮਤਾਂ ਦੋਗੁਣੇ ਤੋਂ ਵੀ ਵੱਧ ਹੋ ਚੁੱਕੀਆਂ ਹਨ,ਪੰਜਾਬ ਸਰਕਾਰ ਵੱਲੋਂ ਮਜ਼ਦੂਰੀ ਦਰਾਂ ਵਿੱਚ ਇੱਕਮੁਸ਼ਤ 15% ਵਾਧਾ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦਾ ਉਦਯੋਗ ਗੁਆਂਢੀ ਸੂਬਿਆਂ ਦੇ ਮੁਕਾਬਲੇ ਬੁਰੀ ਤਰ੍ਹਾਂ ਪਿਛੜ ਗਿਆ ਹੈ। ਇੱਕ ਸਮੇਂ ਪੰਜਾਬ ਵਿੱਚ ਕਰੀਬ 2700 ਇੱਟ ਭੱਠੇ ਚੱਲਦੇ ਸਨ, ਜੋ ਮੌਜੂਦਾ ਆਰਥਿਕ ਦਬਾਅ ਕਾਰਨ ਹੁਣ ਘਟ ਕੇ ਲਗਭਗ 1300 ਹੀ ਰਹਿ ਗਏ ਹਨ। ਐਸੋਸੀਏਸ਼ਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ GST ਦਰਾਂ ਵਿੱਚ ਤੁਰੰਤ ਰਾਹਤ ਦਿੱਤੀ ਜਾਵੇ, ਮਾਈਨਿੰਗ ਨੀਤੀ ਵਿੱਚ ਸੁਧਾਰ ਕੀਤਾ ਜਾਵੇ ਅਤੇ ਡੁੱਬਦੇ ਉਦਯੋਗ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਇਸ ਧੰਦੇ ਨਾਲ ਜੁੜੇ ਲੱਖਾਂ ਮਜ਼ਦੂਰਾਂ ਅਤੇ ਲੋਕਾਂ ਦੇ ਰੋਜ਼ਗਾਰ ਤੇ ਭਵਿੱਖ ਦੀ ਰੱਖਿਆ ਹੋ ਸਕੇ।