ਨਵਾਂਸ਼ਹਿਰ : ਵਾਤਾਵਰਣ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐੱਸ.ਬੀ.ਐੱਸ. ਪ੍ਰੈੱਸ ਕਲੱਬ ਵੱਲੋਂ ਚਲਾਏ ਜਾ ਰਹੇ “ਹਰ ਜਨਮਦਿਨ 'ਤੇ ਇੱਕ ਪੌਦਾ” ਮੁਹਿੰਮ ਤਹਿਤ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਮੈਂਬਰ ਮਹੇਸ਼ ਸਾਜਨ ਦਾ ਜਨਮਦਿਨ ਬੂਟਾ ਲਗਾ ਕੇ ਬੇਹੱਦ ਸਾਦਗੀ ਅਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਰੋਡ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਦੇ ਨੇੜੇ ਪਾਰਕ ਵਿੱਚ ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ ਅਤੇ ਆਮ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੁਹਿੰਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅੰਕੁਸ਼ ਨਿਝਾਵਨ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਦੇ ਖ਼ਾਸ ਮੌਕਿਆਂ ਨੂੰ ਵਾਤਾਵਰਣ ਦੀ ਸੰਭਾਲ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜਨਮਦਿਨ 'ਤੇ ਘੱਟੋ-ਕੱਟੂ ਇੱਕ ਪੌਦਾ ਲਗਾਵੇ ਅਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਵੇ, ਤਾਂ ਆਉਣ ਵਾਲੇ ਸਾਲਾਂ ਵਿੱਚ ਪੂਰੇ ਇਲਾਕੇ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ। ਇਸ ਮੌਕੇ ਆਪਣਾ ਜਨਮਦਿਨ ਮਨਾ ਰਹੇ ਪੱਤਰਕਾਰ ਮਹੇਸ਼ ਸਾਜਨ ਨੇ ਕਿਹਾ ਕਿ ਜਨਮਦਿਨ ਕੇਵਲ ਜਸ਼ਨ ਜਾਂ ਪਾਰਟੀ ਮਨਾਉਣ ਦਾ ਮੌਕਾ ਨਹੀਂ ਹੈ, ਬਲਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਦਿਨ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਾਡੀ ਕੇਵਲ ਜ਼ਿੰਮੇਵਾਰੀ ਨਹੀਂ ਬਲਕਿ ਸਾਡਾ ਪਰਮ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੌਦਾਰੋਪਣ ਕਰਕੇ ਜਨਮਦਿਨ ਮਨਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਪਹਿਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਾਂ-ਪੱਖੀ ਸੰਦੇਸ਼ ਦੇਵੇਗੀ। ਉਨ੍ਹਾਂ ਲੋਕਾਂ ਨੂੰ ਆਪਣੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਖ਼ਾਸ ਮੌਕਿਆਂ 'ਤੇ ਪੌਦੇ ਲਗਾਉਣ ਦਾ ਸੱਦਾ ਦਿੱਤਾ। ਮਹੇਸ਼ ਸਾਜਨ ਦੇ ਪਿਤਾ ਵਾਸਦੇਵ ਪਰਦੇਸੀ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਪੌਦੇ ਨਾ ਕੇਵਲ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਪ੍ਰੈੱਸ ਕਲੱਬ ਅਤੇ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਇਸ ਸ਼ਲਾਘਾਯੋਗ ਪਹਿਲ ਨੂੰ ਸਮਾਜ ਲਈ ਪ੍ਰੇਰਨਾਦਾਇਕ ਦੱਸਿਆ। ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਸੰਕਲਪ ਲਿਆ ਕਿ ਉਹ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਨਾਲ ਜੋੜਨਗੇ।
ਇਸ ਵਿਸ਼ੇਸ਼ ਮੌਕੇ 'ਤੇ ਰਿਸ਼ੀ ਚੰਦਰ, ਹਰਵਿੰਦਰ ਸਿੰਘ, ਵਾਸਦੇਵ ਪਰਦੇਸੀ, ਯੋਗੇਸ਼ ਮਲਹੋਤਰਾ, ਜੋਵਨਪ੍ਰੀਤ ਸਿੰਘ ਭੰਗਲ, ਜਗਤਾਰ ਸਿੰਘ, ਬਲਕਾਰ ਸਿੰਘ, ਮਨਦੀਪ ਦੁੱਗਲ, ਅਸ਼ੋਕ ਦੁੱਗਲ ਅਤੇ ਕੁਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਅਤੇ ਪ੍ਰੈੱਸ ਕਲੱਬ ਦੇ ਮੈਂਬਰ ਹਾਜ਼ਰ ਸਨ। ਇਸ ਤੋ ਪਹਿਲਾ ਕੀਤੀ ਮੀਟਿੰਗ ਵਿਚ ਪ੍ਰਧਾਨ ਸੁਰਿੰਦਰ ਤਿ੍ਪਾਠੀ , ਮੁਕੇਸ ਬਿੱਟੂ ਵੀ ਹਾਜਰ ਸਨ ।