ਅੰਮ੍ਰਿਤਸਰ/ਸਪੇਨ : ਅਕਾਲੀ ਦਲ ਵਾਰਸ ਪੰਜਾਬ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਾਰਟੀ ਦੀ ਵਿਦੇਸ਼ ਇਕਾਈ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਸਪੇਨ ਦੇ ਸ਼ਹਿਰ ਵਲੈਨਸੀਆ ਵਿੱਚ ਕਈ ਪ੍ਰਮੁੱਖ ਸਿੱਖ ਆਗੂਆਂ ਅਤੇ ਸਮਾਜ ਸੇਵਕਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਮੂਲੀਅਤ ਕੀਤੀ। ਜਾਣਕਾਰੀ ਅਨੁਸਾਰ ਅਕਾਲੀ ਦਲ ਵਾਰਸ ਪੰਜਾਬ ਦੇ ਪੰਥਕ ਆਗੂ ਭਾਈ ਦਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੁਰਿੰਦਰ ਸਿੰਘ ਧਨੋਵਾ, ਗੁਰਜੀਤ ਸਿੰਘ ਬਾਜਵਾ, ਪਰਮਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪੱਡਾ ਅਤੇ ਜਸਬੀਰ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਈ ਦਵਿੰਦਰ ਸਿੰਘ ਮੱਲੀ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਪੰਜਾਬ, ਪੰਜਾਬੀਅਤ ਅਤੇ ਪੰਥਕ ਮੁੱਦਿਆਂ ਦੀ ਮਜ਼ਬੂਤੀ ਨਾਲ ਵਕਾਲਤ ਕਰ ਰਿਹਾ ਹੈ, ਜਿਸ ਕਾਰਨ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਇਸ ਦੌਰਾਨ ਅਕਾਲੀ ਦਲ ਵਾਰਸ ਪੰਜਾਬ ਦੀ ਵਿਦੇਸ਼ ਇਕਾਈ ਦੇ ਪ੍ਰਮੁੱਖ ਆਗੂ ਭਾਈ ਜਗਤਾਰ ਸਿੰਘ ਮਾਹਲ (ਜਰਮਨੀ) ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਾਈ ਦਵਿੰਦਰ ਸਿੰਘ ਮੱਲੀ ਅਤੇ ਸਮੂਹ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਪੱਖੀ ਸੋਚ ਕਾਰਨ ਵਿਦੇਸ਼ਾਂ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ, ਜੋ ਭਵਿੱਖ ਵਿੱਚ ਪਾਰਟੀ ਲਈ ਹੋਰ ਮਜ਼ਬੂਤੀ ਦਾ ਕਾਰਨ ਬਣੇਗਾ। ਭਾਈ ਮਾਹਲ ਨੇ ਸਮੂਹ ਮੈਂਬਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ।