ਅੰਮ੍ਰਿਤਸਰ, 13 ਜੂਨ (ਗੁਰਪ੍ਰੀਤ ਸਿੰਘ ਡੱਬ ) : ਅੱਜ ਨਵ-ਗਠਿਤ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਜੀ ਦੀ ਪ੍ਰਧਾਨਗੀ ਹੇਠ ਪਲੇਠੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਵੱਲੋਂ ਨਾਮਜ਼ਦ ਕਰਨ ਉਪੰਰਤ ਉੱਘੇ ਸਿੱਖ ਵਿਦਵਾਨਾਂ ਡਾ.ਸਰਬਜੀਤ ਸਿੰਘ ਛੀਨਾ ਨੂੰ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਵਜੋਂ ਅਤੇ ਡਾ.ਮਨਮੋਹਨ ਸਿੰਘ ਅਤੇ ਸ੍ਰ.ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਨੂੰ ਐਡੀ.ਆਨਰੇਰੀ ਸਕੱਤਰਾਂ ਵਜੋਂ ਸਰਬ-ਸੰਮਤੀ ਨਾਲ ਚੁਣਿਆ ਗਿਆ ਜਿਸਨੂੰ ਐਜੂਕੇਸ਼ਨਲ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ‘ਬੋਲੇ-ਸੋ-ਨਿਹਾਲ ਦੀ ਗੂੰਜ ਵਿਚ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।ਇਸਦੇ ਨਾਲ ਹੀ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਨੂੰ ਸਰਬ-ਸੰਮਤੀ ਨਾਲ ਇਸ ਸਾਲ ਬਟਾਲਾ ਵਿਖੇ ਹੋਣ ਜਾ ਰਹੀ ਚੀਫ਼ ਖ਼ਾਲਸਾ ਦੀਵਾਨ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ। ਅਧਿਆਪਨ ਖੇਤਰ ਵਿਚ 40 ਸਾਲ ਦਾ ਤਜ਼ਰਬਾ ਰੱਖਣ ਵਾਲੇ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਡਿਪਟੀ ਜਿਲ੍ਹਾ ਐਜੂਕੇਸ਼ਨ ਆਫਿਸਰ (ਗਾਇਡੈਂਸ ਅਤੇ ਕੌਸਲਿੰਗ) ਦੇ ਅਹੁਦੇ ਤੋ ਸੇਵਾ ਮੁਕਤ ਹਨ ਅਤੇ ਪਹਿਲਾਂ ਵੀ ਉਹਨਾਂ ਦੀ ਯੋਗ ਅਗਵਾਈ ਹੇਠ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਸਫਲਤਾਪੂਰਵਕ ਸੰਪੰਨ ਕੀਤੀ ਗਈ ਸੀ। ਉੱਚ ਵਿੱਦਿਆ ਪ੍ਰਾਪਤ ਅਤੇ ਉੱਘੀ ਵਿਦਵਾਨ ਸਖ਼ਸ਼ੀਅਤ ਸ੍ਰ.ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਆਧੁਨਿਕ ਬੋਧਿਕ ਚੇਤਨਾ ਅਤੇ ਸਾਹਿਤਕ-ਵਿਰਾਸਤ ਸੰਭਾਲ ਦੇ ਸੁਮੇਲ ਦੀ ਅਨੌਖੀ ਮਿਸਾਲ ਹਨ। ਸਿੱਖ ਜਗਤ ਵਿਚ ਉਹਨਾਂ ਦੀ ਪਹਿਚਾਣ ਸਿੱਖ ਇਤਿਹਾਸ, ਗੁਰਮੁੱਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਅਕਾਦਮਿਕ ਮਾਰਗਦਰਸ਼ਕ ਵਜੋਂ ਵੀ ਹੈ। ਲੰਬੇ ਸਮੇਂ ਤੋਂ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਸ੍ਰ.ਕੁਲਜੀਤ ਸਿੰਘ ਨੇ ਵੱਖ—ਵੱਖ ਸੀ.ਕੇ.ਡੀ ਸਕੂਲਾਂ ਦੇ ਮੈਂਬਰ ਇੰਚਾਰਜ ਵਜੋਂ ਸੇਵਾ ਨਿਭਾਉਂਦਿਆਂ ਸਕੂਲਾਂ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ ਅਤੇ ਅਜੋਕੇ ਸਮੇਂ ਵਿਚ ਉਹਨਾਂ ਵੱਲੋਂ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਅਮੀਰ ਵਿਰਸੇ ਨਾਲ ਜ਼ੋੜਣ ਵਿਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਐਜੂਕੇਸ਼ਨਲ ਕਮੇਟੀ ਦੇ ਨਵ—ਨਿਯੁਕਤ ਅਹੁਦੇਦਾਰਾਂ ਨੇ ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕਾਂ ਅਤੇ ਮੈਂਬਰ ਸਾਹਿਬਾਨ ਦਾ ਉਹਨਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦਿਆਂ ਨਵੇਂ ਅਹੁਦਿਆਂ ਦੀਆਂ ਜਿੰਮੇਵਾਰੀਆਂ ਸੋਂਪਣ ਲਈ ਧੰਨਵਾਦ ਕੀਤਾ ਅਤੇ ਕਮੇਟੀ ਦੀਆਂ ਇੱਛਾਵਾਂ ਅਨੁਸਾਰ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਐਡੀ.ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਹਰਵਿੰਦਰ ਪਾਲ ਸਿੰਘ ਚੁੱਘ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਡਾ.ਅਮਰਜੀਤ ਸਿੰਘ ਦੂਆ, ਸ੍ਰ.ਏ.ਪੀ.ਐਸ.ਮਾਨ, ਸ੍ਰ.ਤਰਲੋਚਨ ਸਿੰਘ, ਸ੍ਰ.ਮਨਪ੍ਰੀਤ ਸਿੰਘ, ਸ੍ਰ.ਰਣਦੀਪ ਸਿੰਘ, ਅੰਡਰ ਸੈਕਟਰੀ ਐਜੂਕੇਸ਼ਨ ਕਮੇਟੀ ਸ੍ਰ.ਅਮਰਜੀਤ ਸਿੰਘ ਚੁੱਘ ਆਦਿ ਮੈਂਬਰ ਹਾਜ਼ਰ ਸਨ।