ਅੰਮ੍ਰਿਤਸਰ : ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ 'ਚ ਪਿੰਡ ਨਾਗੋਕੇ ਵਿਖੇ ਸ਼ਹੀਦੀ ਸਮਾਗਮ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਹੋਇਆ, ਉਪਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਵੱਲੋਂ ਗਿਆਨੀ ਦਲੇਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਸ. ਤਰਸੇਮ ਸਿੰਘ, ਗੁਰਦੁਆਰਾ ਸ਼ਹੀਦ ਗੰਜ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਨੁਮਾਇੰਦੇ, ਭਾਈ ਪ੍ਰਤਾਪ ਸਿੰਘ ਧਰਮੀ ਫੌਜੀ ਅਤੇ ਸਰਪੰਚ ਸੰਦੀਪ ਸਿੰਘ ਨਾਗੋਕੇ, ਭਾਈ ਜਰਮਨਜੀਤ ਸਿੰਘ ਖ਼ਾਲਸਾ ਤੇ ਮਾਸਟਰ ਅਮਰਜੀਤ ਸਿੰਘ ਨੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਜੂਝਦਿਆਂ ਭਾਈ ਮੇਜਰ ਸਿੰਘ ਨਾਗੋਕੇ ਤੇ ਹੋਰ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ ਤੇ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾਏ ਸਨ। ਉਹਨਾਂ ਕਿਹਾ ਕਿ ਭਾਰਤੀ ਸਟੇਟ ਦੇ ਇਸ ਹਮਲੇ ਵਿੱਚ ਕਾਂਗਰਸ ਅਤੇ ਭਾਜਪਾ ਬਰਾਬਰ ਦੀ ਦੋਸ਼ੀ ਸੀ। ਭਾਈ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਪਹਿਰੇਦਾਰ ਹਨ ਤੇ ਇਸ ਸੰਘਰਸ਼ ਨੂੰ ਜਾਰੀ ਰੱਖਣ ਵਿੱਚ ਉਹਨਾਂ ਨੇ ਆਪਣੀ ਸਾਰੀ ਉਮਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਬਾਬੇ ਧੁੰਮੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ, ਭਾਈ ਮੇਜਰ ਸਿੰਘ ਨਾਗੋਕੇ ਅਤੇ ਹੋਰ ਸ਼ਹੀਦ ਸਿੰਘ ਸਾਡੇ ਨਾਇਕ ਅਤੇ ਪ੍ਰੇਰਨਾ ਸਰੋਤ ਹਨ। ਇਹਨਾਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ। ਉਹਨਾਂ ਕਿਹਾ ਕਿ ਜਿਸ ਦਮਦਮੀ ਟਕਸਾਲ ਨੇ ਸਿੱਖ ਇੱਕ ਵੱਖਰੀ ਕੌਮ ਅਤੇ ਆਜ਼ਾਦੀ ਲਈ ਸੰਘਰਸ਼ ਲੜਿਆ ਉਸ ਦੀ ਸ਼ਾਨ ਨੂੰ ਬਾਬਾ ਧੁੰਮਾ ਨਾ ਰੋਲਣ। ਉਹਨਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਭਾਜਪਾ ਹਕੂਮਤ ਨੇ ਸ਼ਹੀਦ ਕੀਤਾ ਹੈ।